ਅਨੰਦਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਵਿਖੇ 22 ਗੁਰੂ-ਘਰ ਹਨ, ਜਿੱਥੇ ਸਮੁੱਚੇ ਰੂਪ ਵਿੱਚ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ। ਉੱਥੇ ਹੀ, ਢਾਡੀ ਤੇ ਕਵੀਸ਼ਰੀ ਨੇ ਹਾਜ਼ਰੀ ਭਰੀ। ਕੀਰਤਨੀ ਜਥੇ ਨੇ ਸੰਗਤ ਨੁੰ ਕੀਰਤਨ ਜਸ ਸੁਣਾ ਕੇ ਨਿਹਾਲ ਕੀਤਾ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਪਹਿਲੇ ਪੜਾਅ ਦੀ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਉੱਥੇ ਹੀ ਉਨ੍ਹਾਂ ਨਾਲ ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਿੰਦਰ ਸਿੰਘ ਵੀ ਮੌਜੂਦ ਰਹੇ। ਦੱਸ ਦਈਏ ਕਿ ਅੱਜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੇ ਦੂਜੇ ਪੜਾਅ ਦਾ ਅਗਾਜ਼ ਹੋ ਗਿਆ ਹੈ। ਸੰਗਤ ਨੇ ਐਤਵਾਰ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਚਾਲੇ ਪਾਏ ਅਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਹੈ।
ਵੱਖ-ਵੱਖ ਗੁਰਦੁਆਰਿਆਂ ਵਿੱਚ ਸੰਗਤ ਨੇ ਮੱਥਾ ਟੇਕਿਆ :ਇਸ ਦੌਰਾਨ ਸੰਗਤ ਨੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸ਼ਾਹ ਜੀ, ਡੇਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਕੋਟ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ ਤੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨਾਲ ਜੁੜੀ ਸੰਗਤ ਵੱਲੋਂ ਕਈ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ।
ਲਾਈਟਾਂ ਨਾਲ ਰੁਸ਼ਨਾਏ ਗੁਰਦੁਆਰਾ ਸਾਹਿਬ : ਹੋਲੇ ਮਹੱਲੇ ਦੇ ਮੌਕੇ ਦੂਰ ਦੁਰਾਡੇ ਤੋਂ ਆਉਣ ਵਾਲੀਆਂ ਸੰਗਤ ਲਈ ਭਾਵੇਂ ਕਿ ਗੁਰੂ ਘਰ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਹੈ। ਇਤਿਹਾਸਿਕ ਧਰਤੀ ਦੇ ਹਰ ਇੱਕ ਗੁਰਦੁਆਰਾ ਸਾਹਿਬ ਦੀ ਦੇਸ਼ੀ ਦੇ ਵਿਦੇਸ਼ੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਇੱਥੇ ਰੰਗ-ਬਿਰੰਗੀ ਤੇ ਚਮਕਦੀਆਂ ਲਾਈਟਾਂ ਵੀ ਖੂਬ ਮਨਮੋਹਕ ਦ੍ਰਿਸ਼ ਬਣਾ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਸਾਰੇ ਹੀ ਸਮੁੱਚੇ ਗੁਰਦੁਆਰੇ ਸੁੰਦਰ ਲਾਈਟਾਂ ਨਾਲ ਰੌਸ਼ਨਾ ਰਹੇ ਹਨ।
ਕਿਉਂ ਮਨਾਇਆ ਜਾਂਦਾ ਹੋਲਾ ਮਹੱਲਾ : ਹੋਲਾ ਮਹੱਲਾ ਖਾਲਸੇ ਦੇ ਕੌਮੀ ਤਿਉਹਾਰ ਦੀ ਨਿਸ਼ਾਨੀ ਹੈ ਅਤੇ ਖਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਰਵਾਇਤਾਂ ਨਾਲ ਮਨਾਇਆ ਜਾਂਦਾ ਹੈ। ਹੋਲਾ ਇੱਕ ਅਰਬੀ ਸ਼ਬਦ ਹੈ ਜੋ 'ਹੂਲ' ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ 'ਚੰਗੇ ਕੰਮਾਂ ਲਈ ਲੜਨਾ' ਅਤੇ 'ਮਹੱਲਾ' ਦਾ ਅਰਥ ਹੈ 'ਜਿੱਤ ਤੋਂ ਬਾਅਦ ਵਸਣ ਦੀ ਜਗ੍ਹਾ'। ਹੋਲਾ ਮਹੱਲਾ ਦਾ ਤਿਉਹਾਰ ਗੁਰੂ ਗੋਬਿੰਦ ਸਿੰਘ ਜੀ ਨੇ 1700 ਈ. ਵਿੱਚ ਲੋਹਗੜ੍ਹ ਕਿਲ੍ਹੇ ਤੋਂ ਸ਼ੁਰੂ ਕੀਤਾ ਸੀ। ਹੋਲਾ ਮਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਘੌੜ ਦੌਰ ਦਾ ਆਯੋਜਨ ਕਰਦੇ ਸੀ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ:Holi of flowers in Golden Temple: ਐੱਸਜੀਪੀਸੀ ਦੇ ਪ੍ਰਧਾਨ ਦੀ ਅਪੀਲ, ਹਰਿਮੰਦਰ ਸਾਹਿਬ ਵਿਖੇ ਖੇਡੀ ਜਾਵੇ ਫੁੱਲਾਂ ਦੀ ਹੋਲੀ