ਰੋਪੜ: ਮੋਰਿੰਡਾ ਵਿੱਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ, ਜਿੱਥੇ ਗੰਗੂ ਰਸੋਈਏ ਦੇ ਧੋਖਾ ਦੇਣ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਵਿੱਚ ਰੱਖਿਆ ਗਿਆ ਸੀ।
ਦੱਸ ਦਈਏ, ਜਦੋਂ ਗੰਗੂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਵਿੱਚ ਰੱਖਿਆ ਸੀ, ਉਦੋਂ ਗੰਗੂ ਨੇ ਮਾਤਾ ਜੀ ਕੋਲ ਪਈਆਂ ਮੋਹਰਾਂ ਚੋਰੀ ਕਰ ਲਈਆਂ। ਇਸ ਤੋਂ ਬਾਅਦ ਖ਼ੁਦ ਹੀ ਰੌਲਾ ਪਾ ਦਿੱਤਾ ਕਿ ਉਸ ਦੇ ਘਰ ਵਿੱਚ ਚੋਰੀ ਹੋ ਗਈ ਹੈ। ਇਸ ਦੇ ਨਾਲ ਹੀ ਉਸ ਨੇ ਖ਼ੁਦ ਥਾਣਾ ਕੋਤਵਾਲੀ ਦੇ ਥਾਣੇਦਾਰਾਂ ਨੂੰ ਖ਼ਬਰ ਦੇ ਦਿੱਤੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਉਸ ਦੇ ਘਰ ਵਿੱਚ ਰੁਕੇ ਹੋਏ ਹਨ।
ਖ਼ਬਰ ਮਿਲਦਿਆਂ ਹੀ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖ਼ਾਂ ਤੇ ਮਾਨੀ ਖਾਂ ਦਾਦੀ ਤੇ ਪੌਤਰਿਆਂ ਨੂੰ ਗ੍ਰਿਫ਼ਤਾਰ ਕਰਕੇ ਲੈ ਥਾਣੇ ਵਿੱਚ ਲੈ ਗਏ। ਦੱਸਿਆ ਜਾਂਦਾ ਹੈ ਕਿ ਕੋਤਵਾਲੀ ਵਿੱਚ ਇੱਕ ਰਾਤ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਪਰ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗਿਆ ਤੇ ਨਾ ਹੀ ਪਹਿਨਣ ਵਾਸਤੇ ਕੱਪੜੇ ਦਿੱਤੇ ਗਏ ਸਨ।
ਇਸ ਮੋਰਿੰਡਾ ਕੋਤਵਾਲੀ ਵਿਖੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ, ਉਸ ਸਥਾਨ ਤੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਸਥਾਪਿਤ ਹੈ। ਇੱਥੇ ਦੂਰੋਂ-ਦੂਰੋਂ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਇਸ ਥਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀਆਂ ਹਨ।