ਰੋਪੜ: ਪੂਰੇ ਸੰਸਾਰ ਦੇ ਵਿੱਚ ਫੈਲੀ ਕੋਰੋਨਾ ਦੀ ਬੀਮਾਰੀ ਨੂੰ ਲੈ ਕੇ ਇੱਕ ਵੱਡੀ ਚਿੰਤਾ ਬਣੀ ਹੋਈ ਹੈ। ਫਿਲਹਾਲ ਕੋਰੋਨਾ ਦਾ ਕੋਈ ਇਲਾਜ ਨਹੀਂ ਲੱਭਿਆ ਹੈ। ਭਾਰਤ ਦੇ ਵਿੱਚ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, 2 ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਪੰਜਾਬ ਦੇ ਵਿੱਚ ਵੀ ਕੋਰੋਨਾ ਦਸਤਕ ਦੇ ਚੁੱਕਿਆ ਹੈ। ਹੁਣ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਿਹਤ ਮਹਿਕਮਾ ਵੀ ਚੌਕਸ ਹੋ ਗਿਆ ਹੈ। ਰੂਪਨਗਰ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਵਿੱਚ ਪੈਂਦੇ ਸਾਰੇ ਘਰਾਂ ਦੇ ਵਿੱਚ ਸਿਹਤ ਮਹਿਕਮੇ ਦੇ ਕਰਮਚਾਰੀ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨਗੇ। ਇਹ ਜਾਣਕਾਰੀ ਰੂਪਨਗਰ ਦੇ ਸਿਵਲ ਸਰਜਨ ਐਚਐਨ ਸ਼ਰਮਾ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਕੋਰੋਨਾ ਤੋਂ ਬਚਣ ਲਈ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ ਸਿਹਤ ਮਹਿਕਮਾ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਮਹਿਕਮੇ ਨੇ ਕਮਰ ਕੱਸ ਲਈ ਹੈ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸਿਵਲ ਸਰਜਨ ਨੇ ਐਸਐਮਓ ਅਤੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਜਾਗਰੂਕਤਾ ਮੁਹਿੰਮ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ। ਸਿਵਲ ਸਰਜਨ ਐਚਐਨ ਸ਼ਰਮਾ ਨੇ ਕਿਹਾ ਕਿ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਲੋਕਾਂ ਨੂੰ ਇਸ ਤੋਂ ਬਚਣ ਲਈ ਹਿਦਾਇਤਾਂ ਦਿੱਤੀਆਂ ਜਾਣਗੀਆ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਆਪਣੇ ਹੱਥ ਵਾਰ-ਵਾਰ ਧੋਣ। ਜ਼ਿਆਦਾ ਮੂੰਹ, ਨੱਕ ਤੇ ਅੱਖਾਂ ਨੂੰ ਨਾ ਛੂਹਣ। ਇਸ ਤੋਂ ਇਲਾਵਾ ਜੁਕਾਮ ਵਰਗੇ ਲੱਛਣ ਦਿਸਣ 'ਤੇ ਚੰਗੇ ਹਸਪਤਾਲ ਜਾ ਕੇ ਚੈਕਅੱਪ ਕਰਵਾਉਣ।