ਪੰਜਾਬ

punjab

By

Published : Sep 8, 2020, 1:31 PM IST

ETV Bharat / state

ਵਿਰਸਾ ਸਾਂਭੀ ਬੈਠੇ ਘਰਾਟ ਵਾਸ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ

ਸਤਲੁਜ ਦਰਿਆ ਕਿਨਾਰੇ ਪੈਂਦੇ ਘਰਾਟ ਵਾਸ ਦੇ ਵਸਨੀਕ ਕਈ ਸਹੂਲਤਾਂ ਤੋਂ ਵਾਂਝੇ ਹਨ। ਇਨ੍ਹਾਂ ਲੋਕਾਂ ਕੋਲ ਨਾ ਤਾਂ ਆਪਣੀ ਜ਼ਮੀਨ ਹੈ ਅਤੇ ਨਾ ਹੀ ਬਿਜਲੀ ਦੀ ਕੋਈ ਸਹੂਲਤ।

ਫ਼ੋਟੋ।
ਫ਼ੋਟੋ।

ਕੀਰਤਪੁਰ ਸਾਹਿਬ: ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਰੇਲਵੇ ਲਾਈਨ ਤੋਂ ਪਾਰ ਸਤਲੁਜ ਦਰਿਆ ਕਿਨਾਰੇ ਪੈਂਦੇ ਘਰਾਟ ਵਾਸ ਦੇ ਵਸਨੀਕ ਕਈ ਸਹੂਲਤਾਂ ਤੋਂ ਵਾਂਝੇ ਹਨ। ਘਰਾਟ ਬੰਦ ਹੋਣ ਤੇ ਲੌਕਡਾਊਨ ਦੇ ਚੱਲਦੇ ਮਿਹਨਤ ਮਜ਼ਦੂਰੀ ਦਾ ਕੰਮ ਨਾ ਮਿਲਣ ਕਾਰਨ ਦੋ ਸਮੇਂ ਦੀ ਰੋਟੀ ਲਈ ਵੀ ਮੁਹਤਾਜ ਹੋਏ ਪਏ ਹਨ।

ਘਰਾਟ ਵਾਸ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਇੱਥੇ ਆਪਣੇ ਬਜ਼ੁਰਗਾਂ ਦੇ ਸਮੇਂ ਤੋਂ ਬੈਠੇ ਹਨ। ਉਨ੍ਹਾਂ ਦੇ ਬਜ਼ੁਰਗਾਂ ਦਾ ਕੰਮ ਪਿੰਡਾਂ ਵਿਚੋਂ ਦਾਣੇ ਇੱਕਠੇ ਕਰਕੇ ਫਿਰ ਉਸ ਦਾ ਘਰਾਟ ਰਾਹੀਂ ਆਟਾ ਤਿਆਰ ਕਰ ਕੇ ਆਪਣੇ ਘੋੜਿਆਂ 'ਤੇ ਲੱਦ ਕੇ ਪਿੰਡਾਂ ਵਿਚ ਜਾ ਕੇ ਦੇਣਾ ਸੀ। ਉਸ ਸਮੇਂ ਪਿੰਡਾਂ ਦੇ ਲੋਕ ਜ਼ਿਆਦਾ ਕਰਕੇ ਘਰਾਟ ਦਾ ਪੀਸੀਆ ਹੋਇਆ ਆਟਾ ਹੀ ਖਾਂਦੇ ਸਨ।

ਉਨ੍ਹਾਂ ਦੱਸਿਆ ਕਿ ਸਾਡੇ ਇੱਥੇ ਪਹਿਲਾਂ 40 ਘਰਾਟ ਚੱਲਦੇ ਸਨ, ਜੋ ਕਿ ਸੰਨ 1988 ਵਿਚ ਆਏ ਹੜ੍ਹਾਂ ਵਿਚ ਵਹਿ ਗਏ। ਇਸ ਹੜ੍ਹ ਵਿਚ ਕਾਫੀ ਨੁਕਸਾਨ ਹੋਇਆ। ਕਈ ਲੋਕ ਇਥੋਂ ਚਲੇ ਗਏ ਤੇ 20 ਦੇ ਕਰੀਬ ਘਰਾਟ ਰਹਿ ਗਏ। ਘਰਾਟ ਦਾ ਕੰਮ ਘਟਣ ਕਾਰਨ ਇਸ ਸਮੇਂ ਸਿਰਫ ਪੰਜ ਘਰਾਟ ਚੱਲ ਰਹੇ ਹਨ। ਉਹ ਵੀ ਪਿਛਲੇ ਮਹੀਨੇ ਦਰਿਆ ਵਿਚ ਆਏ ਜ਼ਿਆਦਾ ਪਾਣੀ ਕਾਰਨ ਡੁੱਬ ਗਏ ਅਤੇ ਬੰਦ ਪਏ ਹਨ, ਜਿਨ੍ਹਾਂ ਨੂੰ ਜਲਦ ਠੀਕ ਕਰਕੇ ਚਲਾਇਆ ਜਾਵੇਗਾ।

ਵੇਖੋ ਵੀਡੀਓ

ਲੋਕਾਂ ਕੋਲ ਨਹੀਂ ਹੈ ਆਪਣੀ ਜ਼ਮੀਨ

ਕੀਰਤਪੁਰ ਸਾਹਿਬ ਦੇ ਘਰਾਟ ਵਾਸ ਵਿਚ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਜਿਸ ਜ਼ਮੀਨ ਵਿਚ ਉਹ ਬੈਠੈ ਹਨ, ਉਹ ਜ਼ਿਮੀਂਦਾਰਾਂ ਦੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਨੇ ਜ਼ਮੀਨ ਖਰੀਦ ਲਈ ਅਤੇ ਪੱਕੇ ਮਕਾਨ ਬਣਾ ਲਏ ਜਦ ਕਿ ਜ਼ਿਆਦਾਤਰ ਲੋਕ ਜ਼ਮੀਨ 'ਤੇ ਕਾਬਜ਼ਕਾਰ ਹੀ ਹਨ। ਜ਼ਮੀਨ ਮਾਲਕ ਉਨ੍ਹਾਂ ਨੂੰ ਪੱਕੇ ਮਕਾਨ ਬਣਾਉਣ ਨਹੀਂ ਦਿੰਦੇ ਅਤੇ ਨਾ ਹੀ ਘਰਾਟਾਂ ਵਾਲੀ ਸਾਈਡ ਬਿਜਲੀ ਦੇ ਮੀਟਰ ਲਗਵਾਉਣ ਦਿੰਦੇ ਹਨ।

ਘਰਾਟ ਵਾਸ ਵਿਚ ਕਿਸੇ ਸਮੇਂ ਝੀਊਰ ਜਾਤੀ ਦੇ 70-80 ਪਰਿਵਾਰ ਰਹਿੰਦੇ ਸਨ ਜੋ ਕਿ ਹੁਣ 26 ਤਕ ਰਹਿ ਗਏ ਹਨ ਬਾਕੀ ਹੌਲੀ ਹੌਲੀ ਆਲੇ ਦੁਆਲੇ ਜ਼ਮੀਨ ਖਰੀਦ ਕੇ ਆਪਣੇ ਘਰ ਬਣਾ ਕੇ ਰਹਿਣ ਲੱਗ ਪਏ ਹਨ।

ਵਸਨੀਕਾਂ ਦਾ ਘਰਾਟ ਉਦਯੋਗ ਬੰਦ ਹੋਣ ਕਾਰਨ ਉਹ ਕੀਰਤਪੁਰ ਸਾਹਿਬ ਅਤੇ ਆਲੇ ਦੁਆਲੇ ਜਾ ਕੇ ਮਿਹਨਤ ਮਜ਼ਦੂਰੀ ਕਰਦੇ ਹਨ। ਇਸ ਵਾਸ ਦਾ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ਨਹੀਂ ਲੱਗ ਸਕਿਆ। ਪੰਜ ਬਜ਼ੁਰਗ ਵਿਅਕਤੀ ਘਰਾਟ ਚਲਾ ਕੇ ਪਿੰਡ ਪਿੰਡ 'ਚ ਆਟਾ ਵੇਚ ਕੇ ਆਪਣਾ ਪਰਿਵਾਰ ਪਾਲ ਰਹੇ ਹਨ।

ਨਹੀਂ ਹੈ ਸਕੂਲ ਤੇ ਜੰਝ ਘਰ

ਵਸਨੀਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੇ ਸਮੇਂ ਤੋਂ ਇਥੇ ਰਹਿੰਦੇ ਹੋਏ ਕਰੀਬ 100 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪਹਿਲਾਂ ਉਨ੍ਹਾਂ ਦਾ ਵਾਸ ਕੀਰਤਪੁਰ ਸਾਹਿਬ ਪੰਚਾਇਤ ਅਧੀਨ ਸੀ ਹੁਣ ਨਗਰ ਪੰਚਾਇਤ ਦੇ ਅਧੀਨ ਹੈ। ਬੱਚਿਆ ਦੀ ਪੜ੍ਹਾਈ ਲਈ ਇਥੇ ਕੋਈ ਸਕੂਲ ਨਹੀਂ ਹੈ। ਬੱਚਿਆਂ ਨੂੰ ਪੜ੍ਹਾਈ ਲਈ ਰੇਲਵੇ ਲਾਈਨ, ਬੱਸ ਅੱਡਾ, ਭਾਖੜਾ ਨਹਿਰ ਪਾਰ ਕਰ ਕੇ ਸਕੂਲ ਜਾਣਾ ਪੈਂਦਾ ਹੈ, ਜਿਸ ਕਾਰਨ ਕਈ ਕਿਲੋਮੀਟਰ ਪੈਦਲ ਚੱਲ ਕੇ ਸਾਨੂੰ ਆਪਣੇ ਬੱਚੇ ਸਕੂਲ ਛੱਡਣੇ ਪੈਂਦੇ ਹਨ।

ਘਰਾਟ ਵਾਸ ਦੇ ਲੋਕਾਂ ਲਈ ਕੋਈ ਜੰਝ ਘਰ ਨਹੀਂ ਹੈ ਜਿਥੇ ਉਹ ਆਪਣੀਆਂ ਲੜਕੀਆਂ ਦਾ ਵਿਆਹ ਕਰ ਸਕਣ ਕਿਉਂਕਿ ਘਰ ਬਹੁਤ ਛੋਟੇ ਤੇ ਕੱਚੇ ਹਨ ਅਤੇ ਆਲੇ ਦੁਆਲੇ ਦਰਿਆ ਦਾ ਪਾਣੀ ਚੱਲਦਾ ਹੈ। ਬਰਾਤ ਨੂੰ ਬਿਠਾਉਣ ਲਈ ਕੋਈ ਵਧੀਆ ਥਾਂ ਨਹੀਂ ਹੈ। ਮਹਿੰਗੇ ਮੈਰਿਜ ਪੈਲਸਾਂ ਵਿਚ ਜਾ ਕੇ ਉਹ ਆਪਣੀਆਂ ਲੜਕੀਆਂ ਦਾ ਵਿਆਹ ਕਰ ਨਹੀਂ ਸਕਦੇ ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਲੜਕੀਆਂ ਦੇ ਵਿਆਹ ਕਾਰਜ ਕਰਨ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ।

ਘਰਾਟ ਵਾਸ ਦੇ ਲੋਕ ਦਰਿਆ ਦਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਹਨ। ਸ਼ੁਰੂ ਤੋਂ ਹੀ ਇਥੇ ਪੀਣ ਵਾਲੇ ਪਾਣੀ ਦੀ ਕੋਈ ਸਰਕਾਰੀ ਟੁਟੀ ਜਾਂ ਨਲਕਾ ਨਹੀਂ ਹੈ। ਹੁਣ ਕੁੱਝ ਮਹੀਨੇ ਪਹਿਲਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਾਲੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਪਾਈਪ ਲਾਈਨ ਵਿਛਾ ਗਏ ਹਨ, ਪਰ ਇਨ੍ਹਾਂ ਵਿਚ ਪੀਣ ਵਾਲਾ ਪਾਣੀ ਨਹੀਂ ਆਇਆ।

ਇਸ ਤੋਂ ਇਲਾਵਾ ਘਰਾਟ ਵਾਸ ਵਿਚ ਕੋਈ ਵੀ ਸਰਕਾਰੀ ਪਖਾਨਾ ਨਹੀਂ ਬਣਿਆ ਜਿਸ ਕਾਰਨ ਉਨ੍ਹਾਂ ਨੂੰ ਖੇਤਾਂ ਵਿਚ ਪਖਾਨੇ ਲਈ ਜਾਣਾ ਪੈਂਦਾ ਹੈ। ਵਸਨੀਕਾਂ ਨੇ ਦੱਸਿਆ ਕਿ ਵੋਟਾਂ ਦੌਰਾਨ ਸਾਡੇ ਨਾਲ ਹਰੇਕ ਪਾਰਟੀ ਦੇ ਲੀਡਰ ਵੱਡੇ-ਵੱਡੇ ਵਾਅਦੇ ਕਰਕੇ ਜਾਂਦੇ ਹਨ ਪਰ ਜਿੱਤਣ ਤੋਂ ਬਾਅਦ ਸਾਨੂੰ ਕੋਈ ਲੀਡਰ ਆਪਣੀ ਸ਼ਕਲ ਨਹੀਂ ਦਿਖਾਉਂਦਾ ਅਤੇ ਨਾ ਹੀ ਕੀਤੇ ਵਾਅਦੇ ਪੂਰੇ ਕਰਦਾ ਹੈ।

ਘਰਾਟ ਵਾਸ ਦੇ ਵਸਨੀਕਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਨੂੰ ਪੰਜ-ਪੰਜ ਮਰਲੇ ਥਾਂ ਦੇਵੇ ਤੇ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।

ABOUT THE AUTHOR

...view details