ਰੂਪਨਗਰ :ਬੀਤੇ ਕੁਝ ਦਿਨ ਪਹਿਲਾਂ ਥਾਣਾ ਮੋਰਿੰਡਾ ਵਿਖੇ ਮੁਕੱਦਮਾ ਨੰਬਰ 20 ਤਹਿਤ ਅਣਪਛਾਤੇ ਲੁਟੇਰਿਆਂ ਨੇ ਸਾਢੇ ਤਿੰਨ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 6 ਗਿਰੋਹ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਚੋਰੀ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮੋਰਿੰਡਾ ਦੇ ਡੀਐਸਪੀ ਨਵਨੀਤ ਸਿੰਘ ਮਾਹਲ ਅਤੇ ਥਾਣਾ ਸਿਟੀ ਮੋਰਿੰਡਾ ਦੇ ਐਸਐਚਓ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ । ਮੋਰਿੰਡਾ ਵਿਖੇ 21 ਮਾਰਚ ਨੂੰ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਇੱਕ ਮੁਲਾਜ਼ਮ ਤੋਂ 3 ਲੱਖ 13 ਹਜ਼ਾਰ ਰੁਪਏ ਲੁੱਟਣ ਵਾਲਾ ਗਿਰੋਹ ਕਾਬੂ ਕੀਤਾ ਗਿਆ ਹੈ। ਗਿਰੋਹ ਦੇ 6 ਮੈਂਬਰਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ, ਦੋ ਮੋਟਰਸਾਈਕਲ ਅਤੇ 53,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਉਸ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਜਾਵੇਗਾ।
3 ਲੱਖ 13 ਹਜ਼ਾਰ 887 ਰੁਪਏ ਜਮ੍ਹਾ ਕਰਵਾਉਣ ਜਾ ਰਹੇ ਹਨ:ਗੌਤਮ ਵਧਵਾ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਸੀ ਕਿ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਓਲੰਪਿਕ ਪੈਲੇਸ ਮੋਰਿੰਡਾ ਤੋਂ ਥੋੜ੍ਹਾ ਅੱਗੇ ਸਿਟੀ ਸਾਈਡ ਕੇਨਰਾ ਬੈਂਕ ਮੋਰਿੰਡਾ 'ਚ 3 ਲੱਖ 13 ਹਜ਼ਾਰ 887 ਰੁਪਏ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਘੇਰ ਲਿਆ। ਦਾਤਰਾਂ ਨਾਲ ਹਮਲਾ ਕਰਕੇ ਉਸਦੀ ਨਕਦੀ ਖੋਹ ਲਈ ਅਤੇ ਵੇਰਕਾ ਪੁਆਇੰਟ ਮੋਰਿੰਡਾ ਵੱਲ ਫ਼ਰਾਰ ਹੋ ਗਏ।