ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਾਨ ਸਰਕਾਰ ਵੱਲੋਂ ਬਣਾਈ ਆਬਕਾਰੀ ਨੀਤੀ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਲਈ ਸਭ ਤੋਂ ਵੱਡਾ ਮਸਲਾ ਮਾਲੀਆ ਇਕੱਠਾ ਕਰਨ ਦਾ ਹੈ। ਇਸ ਪਾਲਿਸੀ ਦੇ ਨਾਲ ਜਿੱਥੇ ਮਾਲੀਏ ਦੇ 'ਚ ਚੋਖਾ ਵਾਧਾ ਹੋਵੇਗਾ ਉਥੇ ਲੋਕਾਂ ਨੂੰ ਸ਼ਰਾਬ ਵੀ ਸਸਤੀ ਮਿਲੇਗੀ।
ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ 'ਤੇ ਬੋਲਦਿਆਂ ਰਾਣਾ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਵਿੱਚ ਨਿਘਾਰ ਆਇਆ ਹੈ ਪਰ ਮੌਜੂਦਾ ਸਰਕਾਰ ਨੂੰ ਇਸ ਮੁੱਦੇ 'ਤੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਧੀਆ ਹੋ ਸਕੇ।
ਕੇਂਦਰ ਸਰਕਾਰ ਦੇ ਵੱਲੋਂ ਅਗਨੀਪੱਥ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਰੱਖਦਿਆਂ ਰਾਣਾ ਨੇ ਕਿਹਾ ਕਿ ਇਸ ਦੇ ਦੋ ਪਹਿਲੂ ਹਨ ਇੱਕ ਪਹਿਲੂ ਇਹ ਹੈ ਕਿ ਇਸ ਦੇ ਨਾਲ ਫੌਜ ਦੇ ਮਨੋਬਲ 'ਚ ਕਮੀ ਆਵੇਗੀ ਦੂਜਾ ਸਕਾਰਾਤਮਕ ਪੱਖ ਇਹ ਹੈ ਕਿ ਦੇਸ਼ ਦੇ 'ਚ ਫੌਜ ਦੀ ਟ੍ਰੇਨਿੰਗ ਲੈਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਵੇਗਾ।
ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਰਾਹੁਲ ਗਾਂਧੀ ਦੀ ਕੀਤੀ ਜਾ ਰਹੀ ਪੁੱਛ ਪੜਤਾਲ ਬਾਰੇ ਰਾਣਾ ਕੇਪੀ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਇਸ ਤੋਂ ਪਹਿਲਾਂ ਰਾਣਾ ਕੇਪੀ ਸਿੰਘ ਆਪਣੇ ਸਾਥੀਆਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਵੀ ਪੁੱਜੇl
ਇਹ ਵੀ ਪੜ੍ਹੋ:-ਅਗਨੀਪਥ ਯੋਜਨਾ ਦਾ ਲੁਧਿਆਣਾ ਅਤੇ ਜਲੰਧਰ 'ਚ ਵਿਰੋਧ, 4 ਗ੍ਰਿਫਤਾਰ, 17 ਟਰੇਨਾਂ ਰੱਦ