ਰੂਪਨਗਰ:ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸਾਂਸਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਅੱਜ ਰੂਪਨਗਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿੱਚ ਉਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ।
ਪੰਜਾਬ ਦੇ ਵਿੱਚ ਨਸ਼ਿਆਂ ਉਤੇ ਬੋਲਦੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕਿਹਾ ਗਿਆ ਕਿ ਇਸ ਵਕਤ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਮੁੱਦਾ ਹੈ ਉਹ ਬਹੁਤ ਹੀ ਗੰਭੀਰ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਰੋੜ੍ਹਨ ਵਾਲੀ ਗੱਲ ਉੱਤੇ ਮੋਹਰ ਲਗਾ ਦਿੱਤੀ ਹੈ, ਜਿਸ ਬਾਬਤ ਪੰਜਾਬ ਦੇ ਮਾਣਯੋਗ ਰਾਜਪਾਲ ਵੱਲੋਂ ਅੱਜ ਇਕ ਬਿਆਨ ਵੀ ਜਾਰੀ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਤੋਂ ਅਸਤੀਫ਼ੇ ਦੀ ਮੰਗ ਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਸਰਕਾਰ ਤੋਂ ਰਾਜਪਾਲ ਖੁਸ਼ ਨਹੀਂ ਹਨ ਉਹ ਸਰਕਾਰ ਸਰਕਾਰ ਕਹਾਉਣ ਦਾ ਹੱਕ ਨਹੀਂ ਰੱਖਦੀ।
ਨਾਜਾਇਜ਼ ਮਾਈਨਿੰਗ ਦੇ ਮੁੱਦੇ ਉੱਤੇ ਬੋਲਦਿਆਂ ਸਾਬਕਾ ਸਾਂਸਦ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਉਤੇ ਮਾਣਯੋਗ ਅਦਾਲਤਾਂ ਵੱਲੋਂ ਵੀ ਮੋਹਰ ਲਗਾ ਦਿੱਤੀ ਗਈ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਦੇ ਹੇਠਲਾ ਪਾਣੀ ਵੀ ਖ਼ਰਾਬ ਹੋ ਰਿਹਾ ਹੈ। ਵਾਤਾਵਰਨ ਵੀ ਖਰਾਬ ਹੋ ਰਿਹਾ ਹੈ, ਨਾਜਾਇਜ਼ ਮਾਈਨਿੰਗ ਕਾਰਨ ਸਰਹੱਦਾਂ ਉੱਤੇ ਵੀ ਖ਼ਤਰਾ ਹੋ ਗਿਆ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਵੀ ਇਸ ਵਕਤ ਖ਼ਤਰੇ ਵਿੱਚ ਹੈ।
ਸਾਬਕਾ ਸੰਸਦ ਵੱਲੋਂ ਕੈਬਿਨਟ ਮੰਤਰੀ ਹਰਜੋਤ ਬੈਂਸ 'ਤੇ ਤੰਜ ਕੱਸਦੇ ਹੋਏ ਕਿਹਾ ਗਿਆ ਕਿ ਹਰਜੋਤ ਬੈਂਸ ਵੱਲੋਂ ਮਾਈਨਿੰਗ ਵਿਭਾਗ ਦੀ ਆਮਦਨ ਦੇ ਵਿੱਚ ਜਿਸ ਹਿਸਾਬ ਨਾਲ ਇਜ਼ਾਫ਼ੇ ਦੀ ਗੱਲ ਕਹੀ ਜਾ ਰਹੀ ਹੈ, ਜੇਕਰ ਉਹ ਸਹੀ ਹੈ ਤਾਂ ਪੰਜਾਬ ਸਰਕਾਰ ਵੱਲੋਂ 12000 ਕਰੋੜ ਰੁਪਏ ਦਾ ਕਰਜ਼ਾ ਕਿਉਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਇਸ ਵਕਤ ਪੰਜਾਬ ਸਰਕਾਰ ਬੁਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ।
ਪੰਜਾਬ ਵਿੱਚ ਚੱਲ ਰਹੀ ਗੈਂਗਵਾਰ ਦੇ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸਾਬਕਾ ਸਾਂਸਦ ਵੱਲੋਂ ਕਿਹਾ ਕਿ ਗੈਂਗਵਾਰ ਕੇਵਲ ਕਾਨੂੰਨੀ ਪ੍ਰਕਿਰਿਆ ਦੇ ਨਾਲ ਨਹੀਂ ਹੋ ਸਕਦੀ। ਅਸਲ ਵਿੱਚ ਇਹ ਇੱਕ ਸਮਾਜਿਕ ਸਮੱਸਿਆ ਹੈ ਇਸ ਨੂੰ ਸਮਾਜਿਕ ਨਜ਼ਰੀਏ ਦੇ ਤੌਰ 'ਤੇ ਦੇਖਣਾ ਚਾਹੀਦਾ ਹੈ ਕਿ ਕਿਉਂ ਸਮਾਜ ਵਿੱਚ ਬੱਚੇ ਕਲਮ ਦੀ ਜਗ੍ਹਾ ਬੰਦੂਕ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।