ਕੁਲਬੀਰ ਜ਼ੀਰਾ ਨੂੰ ਰੋਪੜ ਜੇਲ੍ਹ 'ਚ ਭੇਜਿਆ ਰੂਪਨਗਰ: ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਬੀਡੀਪੀਓ ਦੀ ਸ਼ਿਕਾਇਤ ਤੋਂ ਬਾਅਦ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਲਬੀਰ ਜ਼ੀਰਾ ਵਲੋਂ ਖੁਦ ਮੰਗਲਵਾਰ ਨੂੰ ਗ੍ਰਿਫ਼ਤਾਰੀ ਦੇਣ ਦੀ ਗੱਲ ਕਹੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਵਲੋਂ ਤੜਕਸਾਰ ਉਨ੍ਹਾਂ ਦੀ ਰਿਹਾਇਸ਼ ਤੋਂ ਚਾਰ ਤੋਂ ਪੰਜ ਵਜੇ ਦੇ ਵਿਚਕਾਰ ਕਰ ਲਈ ਗਈ। ਜ਼ੀਰਾ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਐੱਫਆਈਆਰ ਦਰਜ ਕੀਤੀ ਗਈ ਸੀ। (Kulbir Zira on Ropar Jail)
ਕੁਲਬੀਰ ਜ਼ੀਰਾ ਦੀ ਗ੍ਰਿਫ਼ਤਾਰੀ ਸਮੇਂ ਦੀ ਵੀਡੀਓ ਜ਼ੀਰਾ ਨੇ ਦੱਸੀ ਬਦਲਾਅ ਦੀ ਰਾਜਨੀਤੀ: ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵਲੋਂ ਕੁਲਬੀਰ ਜ਼ੀਰਾ ਦਾ ਮੈਡੀਕਲ ਕਰਵਾ ਕੇ ਸਥਾਨਕ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ ਪਰ ਸੁਰੱਖਿਆ ਦਾ ਮਾਮਲਾ ਹੋਣ ਕਾਰਨ ਬਾਅਦ 'ਚ ਕੁਲਬੀਰ ਜ਼ੀਰਾ ਨੂੰ ਰੂਪਨਗਰ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ। ਜਿਥੇ ਪੁਲਿਸ ਜਦੋਂ ਉਨ੍ਹਾਂ ਨੂੰ ਲੈਕੇ ਪਹੁੰਚੀ ਤਾਂ ਜੇਲ੍ਹ ਦੇ ਬਾਹਰ ਖੜੇ ਕਾਂਗਰਸੀ ਵਰਕਰਾਂ ਵਲੋਂ ਕੁਲਬੀਰ ਜ਼ੀਰਾ ਦੇ ਹੱਕ 'ਚ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਕੁਲਬੀਰ ਜ਼ੀਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਦਲਾਅ ਦੀ ਰਾਜਨੀਤੀ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
31 ਅਕਤੂਬਰ ਤੱਕ ਨਿਆਂਇਕ ਹਿਰਾਸਤ 'ਚ:ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਸਾਬਕਾ ਵਿਧਾਇਕ ਨੂੰ ਮਾਣਯੋਗ ਅਦਾਲਤ ਅੱਗੇ ਪੇਸ਼ ਕੀਤਾ ਗਿਆ ਅਤੇ ਧਰਨੇ ਪ੍ਰਦਰਸ਼ਨ ਕਰਨ ਅਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਦੇ ਇਲਜ਼ਾਮਾਂ ਵਿੱਚ ਮਾਣਯੋਗ ਅਦਾਲਤ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਿਥੋਂ ਪੁਲਿਸ ਵਲੋਂ ਫਿਰੋਜ਼ਪੁਰ ਤੋਂ ਭਾਰੀ ਸੁਰੱਖਿਆ 'ਚ ਕੁਲਬੀਰ ਜ਼ੀਰਾ ਨੂੰ ਰੋਪੜ ਦੀ ਜੇਲ੍ਹ 'ਚ ਲਿਆਂਦਾ ਗਿਆ।
ਪੁਲਿਸ ਨੇ ਵਧਾਈ ਸੁਰੱਖਿਆ:ਕਾਬਿਲੇਗੌਰ ਹੈ ਕਿ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਇਸ ਬਾਬਤ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਰੂਪਨਗਰ ਦੀ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਦੇ ਲਈ ਭੇਜਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਕਾਂਗਰਸੀ ਲੀਡਰਾਂ ਦਾ ਅਤੇ ਕਾਂਗਰਸੀ ਵਰਕਰਾਂ ਦਾ ਰੂਪਨਗਰ ਦੀ ਜੇਲ੍ਹ ਦੇ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਇਸ ਦੇ ਮੱਦੇਨਜ਼ਰ ਰੂਪਨਗਰ ਪੁਲਿਸ ਵੱਲੋਂ ਸੁਰੱਖਿਆ ਬਾਬਤ ਸਖਤ ਕਦਮ ਚੁੱਕਦਿਆਂ ਹੋਇਆ ਜੇਲ੍ਹ ਦੇ ਬਾਹਰ ਅਤੇ ਅੰਦਰਲੇ ਪਾਸੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ।
ਕੁੱਝ ਦਿਨ ਪਹਿਲਾਂ ਹੋਇਆ ਸੀ ਮਾਮਲਾ ਦਰਜ: ਦੱਸ ਦਈਏ ਸਾਬਕਾ ਵਿਧਾਇਕ ਅਤੇ ਮੌਜੂਦਾ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਉੱਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਤੋਂ ਇਲਾਵਾ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਹੈ। ਉਨ੍ਹਾਂ ਖ਼ਿਲਾਫ਼ ਇਹ ਇਲਜ਼ਾਮ ਖੁੱਦ ਜ਼ਿਲ੍ਹੇ ਦੇ ਬੀਡੀਪੀਓ ਨੇ ਲਾਇਆ ਸੀ। ਇਸ ਤੋਂ ਬਾਅਦ ਜ਼ੀਰਾ ਖ਼ਿਲਾਫ਼ ਕੁਝ ਦਿਨ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਜ਼ੀਰਾ ਆਪਣੇ ਕਈ ਸਮਰਥਕਾਂ ਨਾਲ ਬਲਾਕ ਵਿਕਾਸ ਦਫ਼ਤਰ ਪੁੱਜੇ ਸਨ। ਇੱਥੇ ਜ਼ੀਰਾ ਅਤੇ ਉਸ ਦੇ ਸਮਰਥਕ ਜ਼ਬਰਦਸਤੀ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੰਮ ਵਿੱਚ ਵਿਘਨ ਪਾਇਆ ਅਤੇ ਸਰਕਾਰੀ ਰਿਕਾਰਡ ਨੂੰ ਨੁਕਸਾਨ ਪਹੁੰਚਾਇਆ।