ਰੂਪਨਗਰ: ਸਿਆਸਤ ਦੇ ਵਿੱਚ ਵਾਰ-ਪਲਟਵਾਰ ਦਾ ਦੌਰ ਜਾਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਸਖਪਾਲ ਸਿੰਘ ਖਹਿਰਾ ਤੇ ਅਰਵਿੰਦ ਕੇਜਰੀਵਾਲ 'ਤੇ ਬੋਲਦੇ ਨਜ਼ਰ ਆਏ। ਇਸ ਦੌਰਾਨ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਦੇ ਨਾਲ ਧੱਕਾ ਕਰ ਰਹੀ ਹੈ ਤੇ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਹੁਣ ਇੱਕ ਹੋਰ ਕੇਸ ਵਿੱਚ ਫਸਾ ਕੇ ਖਹਿਰਾ ਨੂੰ ਜੇਲ੍ਹ ਅੰਦਰ ਹੀ ਰੱਖਿਆ ਜਾ ਰਿਹਾ ਹੈ।
ਖਹਿਰਾ ਨੂੰ ਝੂਠੇ ਕੇਸ 'ਚ ਫਸਾ ਰਹੀ ਸਰਕਾਰ :ਸਾਬਕਾ ਮੁੱਖ ਮੰਤਰੀ ਚੰਨੀ ਦਾ ਕਹਿਣਾ ਕਿ ਸੁਖਪਾਲ ਖਹਿਰਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦਾ ਹੈ। ਜਿਸ ਕਾਰਨ ਸਰਕਾਰ ਸੁਖਪਾਲ ਖਹਿਰਾ ਨੂੰ ਜੇਲ੍ਹ 'ਚ ਹੀ ਬੰਦ ਰੱਖਣਾ ਚਾਹੁੰਦੀ ਹੈ, ਪਰ ਖਹਿਰਾ ਡਰਨ ਵਾਲਿਆਂ ਵਿਚੋਂ ਨਹੀਂ ਹੈ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਕਿਸੇ ਵਕਤ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਸੁਖਪਾਲ ਸਿੰਘ ਖਹਿਰਾ ਅੱਜ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ ਤਾਂ ਉਸ ਦੇ ਖਿਲਾਫ ਬੜਾ ਖੁੱਲ੍ਹ ਕੇ ਬੋਲ ਰਹੇ ਹਨ। ਉਹਨਾਂ ਵੱਲੋਂ ਸਿੱਧੇ ਤੌਰ 'ਤੇ ਪੰਜਾਬ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਜਦੋਂ ਉਹ ਕਿਸੇ ਗੱਲ ਉੱਤੇ ਆਪਣੀ ਰਾਏ ਰੱਖਦੇ ਹਨ ਤਾਂ ਜ਼ਿਆਦਾਤਰ ਮੁੱਦਿਆਂ ਉੱਤੇ ਕਾਂਗਰਸ ਪਾਰਟੀ ਵੱਲੋਂ ਵੀ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਿਰ ਤੋਂ ਸੁਖਪਾਲ ਖਹਿਰਾ 'ਤੇ ਝੂਠਾ ਕੇਸ ਪਾਇਆ।