ਸਾਬਕਾ CM ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਚੁੱਕੇ ਸਵਾਲ ਰੂਪਨਗਰ: ਪਿਛਲੇ ਮਹੀਨਿਆਂ 'ਚ ਪਹਾੜੀ ਇਲਾਕਿਆਂ 'ਚ ਹੋਈ ਭਾਰੀ ਬਾਰਿਸ਼ ਨੇ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਹੈ। ਪੰਜਾਬ 'ਚ ਆਏ ਹੜ੍ਹਾਂ ਨੇ ਸੂਬੇ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਦੌਰਾਨ ਲੋਕਾਂ ਦੇ ਜਿਥੇ ਕਿਤੇ ਘਰ ਹੜ੍ਹ ਗਏ ਤਾਂ ਵੱਡੇ ਪੱਧਰ 'ਤੇ ਖੇਤੀ ਨੂੰ ਵੀ ਇਸ ਹੜ੍ਹ ਨੇ ਢਾਹ ਲਾਈ ਹੈ। ਕਿਸਾਨਾਂ ਦੀ ਕਈ ਏਕੜ ਫਸਲ ਇਸ ਹੜ੍ਹ ਨੇ ਤਬਾਹ ਕਰ ਦਿੱਤੀ।
ਮੁਆਵਜ਼ੇ ਨੂੰ ਲੈਕੇ ਚੰਨੀ ਨੇ ਘੇਰੀ ਸਰਕਾਰ:ਇਸ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਇੱਕ-ਇੱਕ ਚੀਜ ਦਾ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਸੀ, ਜਿਸ ਨੂੰ ਲੈਕੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ, ਜਿਸ 'ਤੇ ਸਾਬਕਾ ਮੁੱਖ ਮੰਤਰੀ ਡਾ. ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਘੇਰਦੇ ਨਜ਼ਰ ਆਏ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਚੰਨੀ ਵਲੋਂ ਮੌਜੂਦਾ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੇ ਐਲਾਨ ਤੋਂ ਬਾਅਦ ਕਿਸਾਨ ਅਤੇ ਸੂਬੇ ਦੇ ਲੋਕ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।
ਸਰਕਾਰ ਵਲੋਂ ਕਿਸਾਨਾਂ ਨਾਲ ਕੋਝਾ ਮਜਾਕ:ਸਾਬਕਾ ਮੁੱਖ ਮੰਤਰੀ ਚੰਨੀ ਦਾ ਕਹਿਣਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਦੇ ਦੁੱਖ ਸੁੱਖ 'ਚ ਖੜਨ ਦੀ ਗੱਲ ਕਰਨ ਵਾਲੀ ਸਰਕਾਰ ਹੁਣ ਆਪਣੇ ਵਾਅਦੇ ਤੋਂ ਹੀ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਹ ਬਿਨਾਂ ਗਿਰਦਾਵਰੀ ਦੇ ਹੀ ਨੁਕਸਾਨ ਹੋਈ ਫਸਲ ਦਾ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇਗਾ ਜੋ ਮਹਿਜ਼ ਝੂਠ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸੂਬੇ ਦੇ ਕਿਸਾਨਾਂ ਨਾਲ ਕੌਝਾ ਮਜ਼ਾਕ ਹੀ ਕੀਤਾ ਹੈ।
ਮੁੱਖ ਮੰਤਰੀ ਆਪਣੇ ਐਲਾਨ ਤੋਂ ਪਲਟਿਆ: ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਡਾ. ਚਰਨਜੀਤ ਚੰਨੀ ਦਾ ਕਹਿਣਾ ਕਿ ਉਨ੍ਹਾਂ ਆਪਣੀ ਸਰਕਾਰ ਦੌਰਾਨ ਕਿਸਾਨਾਂ ਨੂੰ ਨੁਕਸਾਨੀ ਫਸਲ ਦਾ 17 ਹਜ਼ਾਰ ਏਕੜ ਦੇ ਕਰੀਬ ਮੁਆਵਜ਼ਾ ਦਿੱਤਾ ਸੀ ਪਰ ਮੌਜੂਦਾ ਸਰਕਾਰ ਨੇ ਤਾਂ ਮਹਿਜ਼ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਬੜੀ ਮੁਸ਼ਕਿਲ ਨਾਲ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦਾ ਕਹਿਣਾ ਕਿ ਉਨ੍ਹਾਂ ਦੇ ਕੋਲ ਕਿਸਾਨ ਬੈਠਾ, ਜਿਸ ਨੇ ਦੱਸਿਆ ਕਿ ਉਹ ਡੂਮਛੇੜੀ ਤੋਂ ਆਇਆ ਅਤੇ 12 ਏਕੜ ਫਸਲ ਹੜ੍ਹ ਨੇ ਤਬਾਹ ਕਰ ਦਿੱਤੀ, ਜਿਸ 'ਤੇ ਉਨ੍ਹਾਂ ਮੁਆਵਜ਼ੇ ਲਈ ਗਿਰਦਾਵਰੀ ਦੀ ਦਰਖਾਸਤ ਦਿੱਤੀ ਤਾਂ ਉਨ੍ਹਾਂ ਨੂੰ 12 ਏਕੜ ਨੁਕਸਾਨ ਦਾ ਮਹਿਜ਼ 12 ਹਜ਼ਾਰ ਰੁਪਏ ਹੀ ਮਿਲਿਆ, ਜਦਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਇਹ ਮੁਆਵਜ਼ਾ 2 ਲੱਖ ਤੋਂ ਵੱਧ ਦਾ ਹੋਣਾ ਚਾਹੀਦਾ ਸੀ।
ਕਿਸਾਨਾਂ ਲਈ ਸੰਘਰਸ਼ ਕਰੇਗੀ ਕਾਂਗਰਸ: ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਮੁਰਗੀਆਂ ਤੇ ਗਾਵਾਂ ਦਾ ਮੁਆਵਜ਼ਾ ਤੱਕ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਕਿਸਾਨਾਂ ਨੂੰ ਫਸਲਾਂ ਦਾ ਯੋਗ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਾਂਗਰਸ ਹਮੇਸ਼ਾ ਲੜਦੀ ਆਈ ਹੈ ਅਤੇ ਅੱਗੇ ਵੀ ਲੜਾਈ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੁਕਸਾਨੀਆਂ ਫਸਲਾਂ ਦਾ ਯੋਗ ਮੁਆਵਜ਼ਾ ਨਹੀਂ ਦਿੰਦੀ ਤਾਂ ਕਾਂਗਰਸ ਆਉਣ ਵਾਲੇ ਦਿਨਾਂ 'ਚ ਸੰਘਰਸ਼ ਸ਼ੁਰੂ ਕਰੇਗੀ।