ਚੰਡੀਗੜ੍ਹ:ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ 'ਤੇ ਬਣਿਆ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ 'ਤੇ ਬਣਿਆ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਏ ਹਨ। ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਵੱਧ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।
ਖਤਰੇ ਦੇ ਨਿਸ਼ਾਨ ਤੋਂ ਕੁਝ ਦੂਰੀ 'ਤੇ ਡੈਮ ਦਾ ਪਾਣੀ: ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹੇ ਗਏ ਸਨ। ਐਤਵਾਰ ਨੂੰ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ, ਜੋ ਸੋਮਵਾਰ ਨੂੰ ਫਲੱਡ ਗੇਟ ਖੋਲ੍ਹਣ ਤੋਂ ਬਾਅਦ 1 ਫੁੱਟ ਘੱਟ ਕੇ 1677 ਫੁੱਟ ਰਹਿ ਗਿਆ। ਜਿਸ ਤੋਂ ਬਾਅਦ ਰਾਤ ਕਰੀਬ 9 ਵਜੇ ਫਲੱਡ ਗੇਟ ਦਾ ਪੱਧਰ ਘੱਟ ਗਿਆ। ਜਿਸ ਕਾਰਨ ਰੂਪ ਨਗਰ ਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ।
ਮੰਤਰੀ ਬੈਂਸ ਦੀ ਲੋਕਾਂ ਨੂੰ ਅਪੀਲ: ਇਲਾਕਿਆਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪਹੁੰਚੇ ਮੰਤਰੀ ਬੈਂਸ ਨੇ ਦੱਸਿਆ ਕਿ ਪਿੰਡਾਂ ਵਿੱਚ ਰਾਤ ਵੇਲੇ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਹੈ। ਪਰ ਹਰਸਾ ਬੇਲਾ ਵਿੱਚ ਸਥਿਤੀ ਮਾੜੀ ਹੈ। ਸਥਿਤੀ 'ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਨਾਲਹੀ ਮੰਤਰੀ ਨੇ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਲਗਾਤਾਰ ਘੱਟ ਰਿਹਾ ਹੈ ਤੇ ਮੁੱਖ ਮੰਤਰੀ ਖੁਦ ਇਸ ਸਾਰੇ 'ਤੇ ਨਜ਼ਰ ਬਣਾਏ ਹੋਏ ਹਨ।
ਰੂਪਨਗਰ 'ਚ ਬਣਿਆ ਹੈਲੀਪੈਡ: ਸਥਿਤੀ 'ਚ ਕੁਝ ਸੁਧਾਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਵਾਈ ਫੌਜ ਅਤੇ ਫੌਜ ਨੂੰ ਮਦਦ ਲਈ ਕਿਹਾ ਹੈ। ਇਸ ਤੋਂ ਇਲਾਵਾ ਪੁਲਿਸ, ਸਿਹਤ ਵਿਭਾਗ ਅਤੇ ਡੀਸੀ ਦਫ਼ਤਰ ਅਲਰਟ 'ਤੇ ਹਨ। ਮਾਰਸ਼ਲ ਅਕੈਡਮੀ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਗਰਾਊਂਡ ਨੂੰ ਹੈਲੀਪੈਡ ਵਜੋਂ ਵਰਤਿਆ ਜਾਵੇਗਾ। ਹਰਜੋਤ ਬੈਂਸ ਨੇ ਕਿਹਾ ਕਿ ਹਰਸਾ ਬੇਲਾ ਅਤੇ ਹੋਰ ਖੇਤਰਾਂ ਵਿੱਚ ਜਿੱਥੇ ਲੋਕਾਂ ਨੂੰ ਕਿਸ਼ਤੀਆਂ ਲੈ ਕੇ ਜਾਣ ਵਿੱਚ ਦਿੱਕਤ ਆ ਰਹੀ ਹੈ, ਉੱਥੇ ਲੋੜ ਪੈਣ 'ਤੇ ਉਨ੍ਹਾਂ ਨੂੰ ਏਅਰ ਲਿਫਟ ਵੀ ਮੁਹੱਈਆ ਕਰਵਾਈ ਜਾਵੇਗੀ।