ਰੂਪਨਗਰ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਲੁਜ ਦਰਿਆ ਦੇ ਕੰਢੇ ਰੋਪੜ ਵਿਖੇ ਇੱਕ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਦਾ ਉਦਘਾਟਨ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਦੋ ਰੋਜਾ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਅੱਜ ਆਖਰੀ ਦਿਨ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰਬ ਸਾਂਝੀਵਾਲਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਸੁਨੇਹਾ ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਨਾਲ ਰੂਪਨਗਰ ਦੀ ਸਮੁੱਚੀ ਫ਼ਿਜ਼ਾ ਨੂੰ ਅਧਿਆਤਮਕਤਾ ਦੇ ਚਾਨਣ ਨਾਲ ਰੁਸ਼ਨਾ ਗਿਆ। ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਰੰਭਿਆ ਗਿਆ ਇਹ ਨਿਵੇਕਲਾ ਉੱਦਮ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਹਿੱਸਾ ਸੀ, ਜਿਸ ਦੌਰਾਨ ਰੂਪਨਗਰ ਵਿੱਚ ਲਗਾਤਾਰ ਹਰ ਸ਼ਾਮ ਦੇ ਦੋਨਾਂ ਸ਼ੋਆਂ ਦੌਰਾਨ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਭੀੜ ਜੁੜੀ ਅਤੇ ਇਹ ਸ਼ੋਅ ਸੰਗਤਾਂ ਦੇ ਦਿਲਾਂ 'ਤੇ ਆਪਣੀ ਅਮਿਟ ਛਾਪ ਛੱਡ ਗਏ।
ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ
ਇਨ੍ਹਾਂ ਸ਼ੋਆਂ ਦੌਰਾਨ ਕਰੀਬ ਦਸ ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਨੇ ਦੱਸਿਆ ਕਿ ਸ਼ੋਅ ਦੌਰਾਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਥਾਨਕ ਕਾਰਜਕਾਰੀ ਇੰਜੀਨੀਅਰ ਰੋਪੜ ਹੈੱਡ ਵਰਕਸ ਮੰਡਲ ਦਫਤਰ ਦੇ ਪਿੱਛੇ ਸਥਿਤ ਸਤਲੁਜ਼ ਦਰਿਆ ਦੇ ਕੰਢੇ ਲੱਗਿਆ ਇਹ ਅਤਿ ਆਧੁਨਿਕ ਦੋ ਦਿਨੀ ਫਲੋਟਿੰਗ ਲਾਇਟ ਐਂਡ ਸਾਊਂਡ ਸ਼ੋਅ ਅੱਜ ਸਮਾਪਤ ਹੋ ਗਿਆ।
ਇਸ ਦੌਰਾਨ ਸੰਗਤਾਂ ਨੂੰ ਰੌਜਾਨਾਂ ਦੋ ਸ਼ੋਅ ਦਿਖਾਏ ਗਏ। ਸੂਬੇ ਭਰ ਵਿੱਚ ਹੋ ਰਹੇ ਇਨ੍ਹਾਂ ਸ਼ੋਆਂ ਦਾ ਅਗਲਾ ਪੜਾਅ 23 ਅਤੇ 24 ਅਕਤੂਬਰ ਨੂੰ ਜ਼ਿਲਾ ਲੁਧਿਆਣਾ `ਚ ਸਤਲੁੱਜ ਦਰਿਆ ਦੇ ਕੰਢੇ 'ਤੇ ਲਾਡੋਵਾਲ ਵਿਖੇ ਹੋਵੇਗਾ।
ਸ਼ੋਅ ਨੂੰ ਵੇਖਣ ਲਈ ਭਾਰੀ ਗਿਣਤੀ ਵਿੱਚ ਸੰਗਤ ਦਰਿਆ ਕੰਢੇ ਇੱਕਠੀ ਹੋਈ।
ਡੀਸੀ ਨੇ ਕਿਹਾ ਕਿ ਫਲੋਟਿੰਗ ਲਾਇਟ ਐਂਡ ਸਾਊਂਡ ਸ਼ੋਅ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫ਼ੇ ਤੇ ਜੀਵਨ ਬਾਰੇ ਜਾਣੂੰ ਕਰਵਾਉਣਾ ਸੀ। ਸਤਲੁੱਜ ਦੇ ਕੰਢੇ ਤੇ ਲਗਾਇਆ ਗਿਆ ਇਹ ਸ਼ੋਅ ਲੋਕਾਂ ਇੱਕ ਯਾਦਗਾਰ ਬਣ ਗਿਆ ਹੈ।