ਸ੍ਰੀ ਅਨੰਦਪੁਰ ਸਾਹਿਬ: ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਪਾਣੀ ਦੀ ਭੇਟ ਚੜ੍ਹ ਰਹੀਆਂ ਹਨ।
ਜਿਸ ਨੂੰ ਲੈ ਕੇ ਪਿੰਡ ਹਰੀਵਾਲ, ਮਹਿੰਦਲੀ ਕਲਾਂ, ਬੱਲੋਵਾਲ ਅਤੇ ਨਿੱਕੂਵਾਲ ਦੇ ਕਿਸਾਨਾਂ ਨੇ ਆਪਣੀ ਇਸ ਸਮੱਸਿਆ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੀਬੀਐਮਬੀ ਵੱਲੋਂ ਪਾਣੀ ਛੱਡਣ ਨਾਲ ਉਨ੍ਹਾਂ ਉਪਜਾਊ ਜ਼ਮੀਨ ਨੂੰ ਖਾਰ ਪੈ ਗਈ ਹੈ ਅਤੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਥੋੜ੍ਹੇ ਪਾਣੀ ਨੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸ ਨਾਲ ਕਿਸਾਨਾਂ ਨੂੰ ਹੁਣ ਨਿੱਤ ਦਿਨ ਰੁੜ੍ਹਦੀ ਇਸ ਉਪਜਾਊ ਜ਼ਮੀਨ ਦਾ ਖ਼ਤਰਾ ਆਪਣੇ ਪਿੰਡਾਂ ਵੱਲ੍ਹ ਨੂੰ ਵਧਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਵਿੱਚ ਰੁੜ੍ਹ ਰਹੀ ਜ਼ਮੀਨ ਨੂੰ ਰੋਕਣ ਲਈ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ।