ਰੋਪੜ: ਬੀਤੇ ਦਿਨ ਤੋਂ ਰੁੱਕ-ਰੁੱਕ ਕੇ ਹੋ ਰਹੀ ਬੇਮੌਸਮੀ ਬਰਸਾਤ ਦੇ ਕਾਰਨ ਰੂਪਨਗਰ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੁਕ-ਰੁਕ ਕੇ ਹੋ ਰਹੀ ਇਸ ਆਫ਼ਤ ਦੀ ਬਰਸਾਤ ਕਾਰਣ ਉਨ੍ਹਾਂ ਦੀ ਫਸਲ ਡਿੱਗ ਕੇ ਤਾਂ ਖਰਾਬ ਹੁੰਦੀ ਹੀ ਹੈ, ਪਰ ਇਸ ਨਾਲ ਕਿਸਾਨ ਉੱਤੇ ਆਰਥਿਕ ਬੋਝ ਦੁੱਗਣਾ ਪੈ ਜਾਂਦਾ ਹੈ। ਖੇਤਾਂ ਦੇ ਵਿੱਚ ਡਿੱਗੀ ਹੋਈ ਫਸਲ ਦੇ ਮੁੱਖ ਤੌਰ ਉੱਤੇ ਦੋ ਨੁਕਸਾਨ ਹੁੰਦੇ ਹਨ। ਪਹਿਲਾਂ ਤਾਂ ਫਸਲ ਦਾ ਦਾਣਾ ਕਾਲਾ ਹੋ ਜਾਂਦਾ ਹੈ ਅਤੇ ਪਸ਼ੂਆਂ ਦੇ ਚਾਰੇ ਦੇ ਵਿੱਚ ਵਰਤਣ ਵਾਲੀ ਤੂੜੀ ਨਹੀਂ ਬਣਦੀ। ਦੂਜਾ ਨੁਕਸਾਨ ਹੁੰਦਾ ਹੈ ਕਿ ਫਸਲ ਨੂੰ ਪੈ ਰਿਹਾ ਦਾਣਾ ਨਹੀਂ ਭਰਦਾ ਜਿਸ ਕਾਰਣ ਫਸਲ ਦਾ ਝਾੜ ਵੀ ਨਹੀਂ ਨਿਕਲਦਾ ਅਤੇ ਕਿਸਾਨ ਨੂੰ ਦੋਹਰੀ ਮਾਰ ਪੈਂਦੀ ਹੈ।
ਮੁਆਵਜ਼ੇ ਦੀ ਮੰਗ:ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸੀਐੱਮ ਮਾਨ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਦੇ ਹੁਕਮ ਤਾਂ ਦਿੱਤੇ ਨੇ ਪਰ ਹੁਣ ਤੱਕ ਕੋਈ ਵੀ ਸਬੰਧਿਤ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਣਕ ਦੀ ਪੱਕੀ ਫਸਲ ਨੁਕਸਾਨੀ ਗਈ ਸੀ ਅਤੇ ਉਸ ਦਾ ਵੀ ਮੁਆਵਜ਼ਾ ਸਰਕਾਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਕ ਸਾਲ ਫਸਲ ਦੇ ਨਕਲੀ ਬੀਜਾਂ ਕਾਰਣ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਸਰਕਾਰ ਨੇ ਮੰਨਿਆ ਵੀ ਸੀ ਕਿ ਨਕਲੀ ਬੀਜ਼ਾਂ ਕਾਰਣ ਕਿਸਾਨਾਂ ਦਾ ਨੁਕਸਾ ਹੋਇਆ ਸੀ ਪਰ ਉਸ ਦਾ ਵੀ ਮੁਆਵਜ਼ਾ ਅੱਜ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ।