ਰੂਪਨਗਰ:ਕੈਨੇਡਾ ਵਿੱਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸੇ ਦੌਰਾਨ ਹੀ ਕੁੱਝ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਆਰਡਰਾਂ ਉੱਤੇ ਸਟੇਅ ਆਰਡਰ ਪ੍ਰਾਪਤ ਹੋਏ ਹਨ, ਜਿਸ ਤੋਂ ਬਾਅਦ ਹੋਰਨਾਂ ਵਿਦਿਆਰਥੀਆਂ ਨੂੰ ਸੁਣਵਾਈ ਦੀ ਆਸ ਪ੍ਰਾਪਤ ਹੋਈ ਹੈ। ਸਟੇਅ ਆਰਡਰ ਪ੍ਰਾਪਤ ਕਰਨ ਵਾਲਿਆਂ ਵਿੱਚ ਮੋਰਿੰਡਾ ਦੇ ਪਿੰਡ ਚਤਾਮਲਾ ਦਾ ਲਵਪ੍ਰੀਤ ਸਿੰਘ ਵੀ ਸ਼ਾਮਲ ਹੈ। ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੇ ਵੇਲੇ ਪਰਿਵਾਰ ਦੇ ਨਾਲ ਹੈ।
ਲਵਪ੍ਰੀਤ ਸਿੰਘ 6 ਸਾਲ ਤੋਂ ਕੈਨੇਡਾ ਵਿੱਚ ਪੜ੍ਹ ਰਿਹਾ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਲਵਪ੍ਰੀਤ ਸਿੰਘ ਪਿਛਲੇ 6 ਸਾਲ ਤੋਂ ਕੈਨੇਡਾ ਵਿੱਚ ਪੜ੍ਹਾਈ ਕਰ ਰਿਹਾ ਹੈ, ਇਸ ਨੂੰ ਕੈਨੇਡਾ ਸਰਕਾਰ ਵੱਲੋਂ ਡਿਪੋਰਟ ਕਰਨ ਦੇ ਹੁਕਮ ਤੋਂ ਬਾਅਦ ਪੰਜਾਬ ਤੇ ਕੇਂਦਰ ਸਰਕਾਰ ਹਰਕਤ ਵਿੱਚ ਆਈ ਅਤੇ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕੀਤਾ। ਜਿਸ ਤੋਂ ਬਾਅਦ ਲਵਪ੍ਰੀਤ ਨੂੰ ਡਿਪੋਟਰ ਕਰਨ ਉੱਤੇ ਅਗਲੇ ਹੁਕਮਾਂ ਤੱਕ ਰੋਕ ਲੱਗ ਗਈ।
'ਆਪ' ਵਿਧਾਇਕ ਲਵਪ੍ਰੀਤ ਦੇ ਘਰ ਪੁੱਜੇ:-ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਅੱਜ ਸੋਮਵਾਰ ਨੂੰ ਲਵਪ੍ਰੀਤ ਸਿੰਘ ਦੇ ਘਰੇ ਪੁੱਜੇ ਅਤੇ ਉਹਨਾਂ ਵੱਲੋਂ ਲਵਪ੍ਰੀਤ ਸਿੰਘ ਦੇ ਮਾਤਾ-ਪਿਤਾ ਦੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਔਖੀ ਘੜੀ ਦੇ ਵਿੱਚ ਉਨ੍ਹਾਂ ਦੇ ਨਾਲ ਹਰ ਸੰਭਵ ਮਦਦ ਦੇਣ ਦੇ ਲਈ ਮੌਜੂਦ ਹੈ। ਉਹਨਾਂ ਕਿਹਾ ਇਸ ਵਕਤ ਜੋ ਵਿਦਿਆਰਥੀ ਕੈਨੇਡਾ ਦੇ ਵਿਚ ਆਪਣੇ ਡਿਪੋਰਟ ਹੋਣ ਦੇ ਕੇਸ ਵਿੱਚ ਪੰਜਾਬ ਸਰਕਾਰ ਤੋਂ ਮਦਦ ਮੰਗ ਰਹੇ ਹਨ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।