ਅਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਣਥੱਕ ਯਤਨਾਂ ਨੂੰ ਅੱਜ ਬੂਰ ਪੈ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਨੰਗਲ ਰੇਲਵੇ ਫਲਾਈਓਵਰ ਰਾਹੀ ਆਉਣ ਜਾਣ ਦਾ ਸੁਪਨਾ ਦੇਖ ਰਹੇ ਇਲਾਕਾ ਵਾਸੀਆਂ ਲਈ ਅੱਜ ਦਾ ਦਿਨ ਇਤਿਹਾਸਕ ਬਣ ਗਿਆ ਹੈ। ਜਦੋਂ ਘੰਟਿਆ ਬੱਧੀ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝਣ ਵਾਲੇ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਰਾਹਗੀਰਾਂ ਨੂੰ ਰੇਲਵੇ ਫਲਾਈਓਵਰ ਰਾਹੀ ਸੁਚਾਰੂ ਆਵਾਜਾਈ ਦੀ ਸਹੂਲਤ ਮਿਲ ਗਈ ਹੈ। ਧਾਰਮਿਕ ਰਸਮਾਂ ਉਪਰੰਤ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖੁੱਦ ਦੋ ਪਹੀਆ ਵਾਹਨ 'ਤੇ ਸਵਾਰ ਹੋ ਕੇ ਪੁੱਲ ਪਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਇਲਾਵਾ ਵਾਸੀਆਂ ਨੂੰ ਇਨ੍ਹਾਂ ਖੁਸ਼ੀ ਦੇ ਪਲਾ ਦਾ ਗਵਾਹ ਬਣਾਇਆ। ਇਸ ਨਾਲ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਲੋਕ 6 ਸਾਲਾਂ ਤੋਂ ਝੱਲ ਰਹੇ ਸੀ ਲੰਬਾ ਸੰਤਾਪ: ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਫਲਾਈਓਵਰ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ। ਨੰਗਲ ਸ਼ਹਿਰ ਦੇ ਵਾਸੀ ਅਤੇ ਆਸ ਪਾਸ ਪਿੰਡਾਂ ਦੇ ਲੋਕ ਤਕਰੀਬਨ ਪਿਛਲੇ 6 ਸਾਲਾਂ ਤੋਂ ਲੰਬਾ ਸੰਤਾਪ ਝੱਲ ਰਹੇ ਸਨ। ਚੰਡੀਗੜ੍ਹ ਤੋਂ ਨੰਗਲ ਵਾਲੀ ਸਾਈਡ ਸ਼ੁਰੂ ਕਰ ਦਿੱਤੀ ਹੈ। ਟ੍ਰੈਫਿਕ ਮਾਹਿਰਾਂ ਦੀ ਸਹਿਮਤੀ ਤੋਂ ਬਾਅਦ ਦੂਸਰੀ ਸਾਈਡ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਭੂਰੀ ਚੌਂਕ ਅਤੇ ਜਵਾਹਰ ਮਾਰਕੀਟ ਵਾਲਾ ਪੁੱਲ ਨਵਾਂ ਬਣਾਉਣ ਜਾ ਰਹੇ ਹਾਂ। ਪੂਰੇ ਨੰਗਲ ਸ਼ਹਿਰ ਦੀ ਨੁਹਾਰ ਬਦਲਣ ਦਾ ਸੁਪਨਾ ਜਲਦੀ ਸਾਕਾਰ ਹੋਵੇਗਾ। ਸੈਰ ਸਪਾਟੇ ਲਈ ਇਸ ਇਲਾਕੇ ਨੂੰ ਪ੍ਰਫੁੱਲਿਤ ਕਰਨ ਲਈ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ।