ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਵਿੱਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ DIG ਰੂਪਨਗਰ ਗੁਰਪ੍ਰੀਤ ਸਿੰਘ ਭੁੱਲਰ (DIG Roopnagar Gurpreet Singh) ਅਤੇ SSP ਰੂਪਨਗਰ ਡਾ. ਸੰਦੀਪ ਗਰਗ ਵਲੋਂ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਪਹੁੰਚ ਕਰਕੇ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਸੁਰੱਖਿਆ ਸਬੰਧੀ ਅਹਿਮ ਨੁਕਤੇ ਵੀ ਸਾਂਝੇ ਕੀਤੇ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ DIG ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੱਖੋ-ਵੱਖ ਧਾਰਮਿਕ ਸਥਾਨਾਂ ਵਿਖੇ ਲੱਗੇ ਕੈਮਰਿਆਂ ਨੂੰ ਵਾਚਿਆ ਗਿਆ ਹੈ ਅਤੇ ਜਿੱਥੇ ਵੀ ਕਿਤੇ ਕੈਮਰਿਆਂ ਦੀ ਗਿਣਤੀ ਵਧਾਉਣ ਦੀ ਲੋੜ ਮਹਿਸੂਸ ਹੋਈ ਹੈ ਉਸ ਬਾਬਤ ਪ੍ਰਬੰਧਕਾਂ ਨਾਲ ਵੀ ਗੱਲ ਕੀਤੀ ਗਈ।
ਭੁੱਲਰ ਨੇ ਕਿਹਾ ਕਿ ਗੈਰ ਸਮਾਜਿਕ ਅਨਸਰ ਸਮਾਜ ਵਿੱਚਲੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਸਕਦੇ ਹਨ ਇਸ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕਰਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਇਸੇ ਤਹਿਤ ਹੀ ਉਹ ਜ਼ਿਲ੍ਹੇ ਵਿੱਚਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।