ਸ੍ਰੀ ਅਨੰਦਪੁਰ ਸਾਹਿਬ: ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਦੇ ਨਾਲ ਹੋ ਰਹੇ ਵਿਤਕਰੇ ਨੂੰ ਦੇਖਦੇ ਹੋਏ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਪੱਤਰ ਲਿਖਿਆ ਹੈ ਉਥੇ ਹੀ ਉਨ੍ਹਾਂ ਕੈਪਟਨ ਸਰਕਾਰ ਵਿਰੁੱਧ ਨਿਸ਼ਾਨੇ ਵਿੰਨ੍ਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਆਪਣੇ ਸੰਹੁ ਚੁੱਕ ਸਮਾਗਮ ਦੌਰਾਨ ਅੰਗਰੇਜ਼ੀ ਵਿੱਚ ਸੰਹੁ ਖਾ ਕੇ ਪੰਜਾਬੀ ਬੋਲੀ ਨਾਲ ਵਿਤਕਰਾ ਕੀਤਾ। ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜੋ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਭਾਸ਼ਾ ਵੱਲ ਲਿਆਵੇਗਾ ਉਸ ਦੇ ACR ਵਿੱਚ ਸਿੱਧੇ 5 ਨੰਬਰ ਜੋੜੇ ਜਾਣਗੇ।
ਪੰਜਾਬ ਵਿੱਚ ਕਾਂਗਰਸੀਆਂ ਵੱਲੋਂ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਬੋਲਦੇ ਹੋਏ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਕੇਂਦਰ ਵੱਲੋਂ ਵੀ ਪੈਟਰੋਲ ਅਤੇ ਡੀਜ਼ਲ ਉੱਪਰ ਟੈਕਸ ਲਗਾਏ ਗਏ ਹਨ ਜਿਨ੍ਹਾਂ ਨੂੰ ਘਟਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਵੱਡੇ ਟੈਕਸ ਪੈਟਰੋਲ ਅਤੇ ਡੀਜ਼ਲ ਉੱਤੇ ਲਗਾਏ ਗਏ ਹਨ ਉਸ ਦੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਸੁਭਾਵਿਕ ਹਨ।
ਉਨ੍ਹਾਂ ਕਿਹਾ ਕਿ ਇੱਕ ਕਾਂਗਰਸ ਸਰਕਾਰ ਤੇਲ ਦੇ ਰੇਟ ਵਧਾਉਣ ਲਈ ਜ਼ਿੰਮੇਵਾਰ ਹੈ ਤੇ ਦੂਜਾ ਕਾਂਗਰਸੀ ਪ੍ਰਦਰਸ਼ਨ ਕਰ ਰਹੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਜਾਪਦਾ। ਇਸ ਦੌਰਾਨ ਉਨ੍ਹਾਂ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਾਟਾਵਾ ਕਰਦਿਆਂ ਕਿਹਾ ਕਿ ਦਵਿੰਦਰ ਪਾਲ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਅਲੱਗ ਮੁਕਾਮ ਸਥਾਪਿਤ ਕੀਤਾ। ਦਵਿੰਦਰ ਪਾਲ ਦੀ ਬੇਵਕਤੀ ਮੌਤ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।