ਰੂਪਨਗਰ ਵਿਖੇ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਦੂਜੀ ਜਮਾਤ ਦੀ ਵਿਦਿਆਰਥਣ ਦੀ ਮੌਤ ਰੂਪਨਗਰ :ਰੂਪਨਗਰ ਦੇ ਸਬ-ਡਵੀਜ਼ਨ ਨੰਗਲ ਦੇ ਪਿੰਡ ਭਲਾਣ ਵਿਖੇ ਇੱਕ ਤੇਜ਼ ਰਫ਼ਤਾਰ ਬੱਜਰੀ ਨਾਲ ਭਰੇ ਟਿੱਪਰ ਨੇ ਸਕੂਲ ਜਾ ਰਹੀਆਂ ਦੋ ਵਿਦਿਆਰਥਣਾਂ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਖਤਰਨਾਕ ਸੀ ਕਿ ਇਸ ਦੇ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਦੂਜੀ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਮਗਰੋਂ ਵਿਦਿਆਰਥਣਾਂ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ, ਪਰ ਸੱਟਾਂ ਬਹੁਤ ਗੰਭੀਰ ਸਨ, ਜਿਸ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਇਨ੍ਹਾਂ ਨੂੰ ਫੌਰੀ ਤੌਰ ਉਤੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪਰਿਵਾਰ ਨੇ ਲਾਸ਼ ਸੜਕ ਉਤੇ ਰੱਖ ਕੇ ਕੀਤਾ ਪ੍ਰਦਰਸ਼ਨ :ਇਸ ਦੌਰਾਨ ਇਲਾਕਾ ਵਾਸੀਆਂ ਵਿੱਚ ਕਾਫੀ ਰੋਸ ਸੀ। ਇਸ ਦੌਰਾਨ ਪੀੜਤ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੇ ਲਾਸ਼ ਨੂੰ ਸੜਕ ਉਤੇ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਇਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਤੇ ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਆਪਣੀ ਭੈਣ ਨੂੰ ਸਾਈਕਲ ਉਤੇ ਸਕੂਲ ਛੱਡਣ ਜਾ ਰਹੀ ਸੀ ਬੱਚੀ :ਜਾਣਕਾਰੀ ਅਨੁਸਾਰ ਦੂਜੀ ਜਮਾਤ ਦੀ ਵਿਦਿਆਰਥਣ ਕੰਚਨ ਪੁੱਤਰੀ ਰਾਜਪਾਲ ਵਾਸੀ ਨੰਗਰਾਂ ਉਸ ਦੀ ਚਚੇਰੀ ਭੈਣ ਮੀਨਾ ਪੁੱਤਰੀ ਨੌਜਵਾਨ ਬਹਾਦਰ ਆਪਣੇ ਭਰਾ ਨੂੰ ਆਪਣੇ ਸਾਈਕਲ 'ਤੇ ਸਕੂਲ ਛੱਡਣ ਜਾ ਰਹੀ ਸੀ ਕਿ ਇਕ ਟਿੱਪਰ ਨੇ ਉਨ੍ਹਾਂ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕੰਚਨ ਟਿੱਪਰ ਟਾਇਰ ਹੇਠਾਂ ਆ ਗਈ, ਜਿਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਜਦਕਿ ਮੀਨਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਇਲਾਜ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ।
ਇਸ ਸੜਕ ਉਤੇ ਪਹਿਲਾਂ ਵੀ ਵਾਪਰ ਸਕਦੇ ਨੇ ਹਾਦਸੇ :ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਨੰਗਲ ਵਿੱਚ ਫਲਾਈਓਵਰ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਹਿਮਾਚਲ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਨੰਗਲ ਅਤੇ ਹਿਮਾਚਲ ਨੂੰ ਜਾਣ ਵਾਲੀ ਸਮੁੱਚੀ ਟਰੈਫਿਕ ਨੂੰ ਭਲਾਣ ਰਾਹੀਂ ਮੋੜਿਆ ਜਾ ਰਿਹਾ ਹੈ। ਓਵਰ ਸਪੀਡ ਦੀ ਸਮੱਸਿਆ ਤੇ ਓਵਰਸਪੀਡ ਵਿੱਚ ਚੱਲਦੇ ਹਨ। ਇਸ ਰੂਟ ਦੀ ਸਪੀਡ ਲਿਮਟ 30 ਤੋਂ 35 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੇ ਬਾਵਜੂਦ ਵੀ ਸਾਰੇ ਵਾਹਨ ਓਵਰ ਸਪੀਡ ਤੋਂ ਲੰਘਦੇ ਹਨ, ਜਿਸ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਰਹੇ ਹਨ ਜਾਂ ਗੰਭੀਰ ਜ਼ਖਮੀ ਹੋ ਕੇ ਹਸਪਤਾਲ ਪਹੁੰਚ ਰਹੇ ਹਨ। ਦੋ ਦਿਨ ਪਹਿਲਾਂ ਵੀ ਇਸ ਸਥਾਨ ਤੋਂ ਕੁਝ ਦੂਰੀ ਉਤੇ ਇਕ ਤੇਜ਼ ਰਫਤਾਰ ਐੱਚਆਰਟੀਸੀ ਬੱਸ ਦੀ ਲਪੇਟ ਵਿੱਚ ਆਉਣ ਨਾਲ ਬਾਈਕ 'ਤੇ ਜਾ ਰਹੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਟਿੱਪਰ ਚਾਲਕ ਗ੍ਰਿਫਤਾਰ :ਸੰਦੀਪ ਕੁਮਾਰ ਤਹਿਸੀਲਦਾਰ ਨੇ ਮੌਕੇ ਉਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅੱਜ ਹੀ ਸਾਰੇ ਟੋਇਆਂ ਨੂੰ ਭਰ ਦਿੱਤਾ ਜਾਵੇਗਾ ਅਤੇ ਸੜਕ ਦੀ ਮੁਰੰਮਤ ਵੀ ਕੀਤੀ ਜਾਵੇਗੀ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਦੌਰਾਨ ਮੌਕੇ ਉਤੇ ਪਹੁੰਚੇ ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਸਵੇਰੇ 6 ਵਜੇ ਤੋਂ ਟਿੱਪਰ ਦੀ ਆਵਾਜਾਈ 'ਤੇ ਮੁਕੰਮਲ ਪਾਬੰਦੀ ਰਹੇਗੀ।