ਸ੍ਰੀ ਅਨੰਦਪੁਰ ਸਾਹਿਬ:ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਦੇ ਰਹਿਣ ਵਾਲੇ ਗੱਜਣ ਸਿੰਘ ਵੀ ਸੀ ਜੋ ਕਿ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਗਿਆ।
ਦੱਸ ਦਈਏ ਕਿ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਵਾਨ ਗੱਜਣ ਸਿੰਘ ਦੀ ਮ੍ਰਿਤ ਦੇਹ ਉਨ੍ਹਾਂ ਦੇ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਵਿਖੇ ਪਹੁੰਚ ਚੁੱਕੀ ਹੈ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਢਾ ਵੀ ਦਿੱਤਾ। ਨਾਲ ਹੀ ਅੰਤਮ ਸਲਾਮੀ ਵੀ ਦਿੱਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਵੀ ਕੀਤਾ।
ਇਸੇ ਸਾਲ ਹੋਇਆ ਸੀ ਸ਼ਹੀਦ ਗੱਜਣ ਸਿੰਘ ਦਾ ਵਿਆਹ
ਸ਼ਹੀਦ ਦੇ ਪਰਿਵਾਰ ਨੇ ਗੱਜਣ ਸਿੰਘ ਦੇ ਸੁਭਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੇਹੱਦ ਮਿਲਣਸਾਰ ਸੀ। ਹਰ ਕਿਸੇ ਨਾਲ ਹੱਸ ਕੇ ਗੱਲ ਕਰਦਾ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਸਾਲ ਫਰਵਰੀ ਮਹੀਨੇ ਵਿਚ ਉਸਦਾ ਵਿਆਹ ਹੋਇਆ ਸੀ ਤੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ।