ਆਨੰਦਪੁਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ।
ਚੀਮਾ ਨੇ ਕਾਂਗਰਸ ਦੇ ਬਠਿੰਡਾ ਥਰਮਲ ਪਲਾਂਟ ਨੂੰ ਖ਼ਤਮ ਕਰਨ ਦੇ ਫ਼ੈਸਲੇ ਬਾਰੇ ਬੋਲਦਿਆਂ ਕਿਹਾ ਕਿ ਥਰਮਲ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਿਪਤ ਹੈ, ਕਿਸੇ ਵੀ ਸਰਕਾਰ ਨੂੰ ਅਜਿਹੀਆਂ ਇਮਾਰਤਾਂ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਾਂਗਰਸ ਉੱਤੇ ਦੋਸ਼ ਲਾਏ ਕਿ ਜੇ ਪਲਾਂਟ ਦੀ ਮਸ਼ੀਨਰੀ ਜਾਂ ਤਕਨੀਕ ਪੁਰਾਣੀ ਸੀ ਤਾਂ ਸਰਕਾਰ ਨੂੰ ਉਸ ਬਦਲ ਕੇ ਨਵੀਂ ਲਾ ਸਕਦੀ। ਪਲਾਂਟ ਦੀ 1700 ਏਕੜ ਦੇ ਲਗਭਗ ਜ਼ਮੀਨ ਇੱਕ ਬਹੁਤ ਤਗੜੀ ਜ਼ਮੀਨ ਨੂੰ ਵੇਚਣ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ।
ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਆਮਦਨੀ ਦੇ ਸਾਰੇ ਸਾਧਨ ਬੰਦ ਹੋ ਗਏ ਹਨ। ਜੋ ਵੀ ਰੇਤਾ-ਬਜਰੀ ਅਤੇ ਸ਼ਰਾਬ ਤੋਂ ਪੈਸਾ ਆ ਰਿਹਾ ਹੈ, ਉਹ ਵੀ ਕਾਂਗਰਸੀ ਲੀਡਰਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ।
ਪੱਤਰਕਾਰਾਂ ਦੇ ਇੱਕ ਦੇਸ਼ ਇੱਕ ਮੰਡੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਹੈ ਕਿ ਐਮ.ਐਸ.ਪੀ. ਦੇਸ਼ ਵਿੱਚੋਂ ਖ਼ਤਮ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਰਫ਼ ਤਿੰਨ ਮਹੀਨਿਆਂ ਦੀ ਗੱਲ ਹੈ ਅਤੇ ਝੋਨੇ ਦੀ ਖ਼ਰੀਦ ਐਮ.ਐਸ.ਪੀ. ਅਨੁਸਾਰ ਹੋਵੇਗੀ ਤੇ ਜੇ ਇਸ ਤਰ੍ਹਾਂ ਹੋਇਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਹਨ।