ਰੂਪਨਗਰ :ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਆਗੂਆਂ ਵੱਲੋਂ ਆਪੋ-ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਉਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਹੋਏ ਪੰਥਕ ਇਕੱਠ ਦੌਰਾਨ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰੀ ਦੇਣ ਦੀ ਗੱਲ ਕਹੀ ਸੀ ਤੇ ਅੱਜ ਉਨ੍ਹਾਂ ਦੀ ਗੱਲ ਪੂਰੀ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਸ਼ਾਂਤਮਈ ਢੰਗ ਨਾਲ ਮੋਗਾ ਦੇ ਰੋਡੇ ਪਿੰਡ ਵਿਖੇ ਗ੍ਰਿਫਤਾਰੀ ਦਿੱਤੀ ਹੈ।
ਸਰਕਾਰ ਨੇ ਸਿੱਖਾਂ ਤੇ ਪੰਜਾਬ ਨੂੰ ਦੇਸ਼ ਭਰ ਵਿੱਚ ਬਦਨਾਮ ਕੀਤਾ :ਉਨ੍ਹਾਂ ਕਿਹਾ ਕਿ ਹੁਣ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਬਰੀ ਨੌਜਵਾਨਾਂ ਦੀਆਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਕਾਰਵਾਈ ਉਤੇ ਠੱਲ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਮਨਸ਼ਾ ਸਿਰਫ ਗ੍ਰਿਫਤਾਰ ਕਰਨ ਦੀ ਹੁੰਦੀ ਤਾਂ ਇੰਨਾ ਜ਼ਿਆਦਾ ਬਖੇੜਾ ਨਾ ਹੁੰਦਾ। ਸਰਕਾਰ ਨੇ ਪੂਰੇ ਦੇਸ਼ ਵਿੱਚ ਸਿੱਖਾਂ ਤੇ ਪੰਜਾਬ ਦਾ ਅਕਸ ਖਰਾਬ ਕਰਨ ਲਈ ਸੂਬੇ ਵਿੱਚ ਇੰਟਰਨੈੱਟ ਬੰਦ ਕਰਵਾਇਆ, ਪੈਰਾ ਮਿਲਟਰੀ ਫੋਰਸਾਂ ਤਾਇਨਾਤ ਕਰਵਾਈਆਂ। ਪੰਜਾਬ ਨੂੰ ਪੂਰੀ ਦੁਨੀਆਂ ਵਿੱਚ ਬਦਨਾਮ ਕੀਤਾ ਗਿਆ ਹੈ। ਸਰਕਾਰ ਚਾਹੁੰਦੀ ਤਾਂ ਸ਼ਾਂਤਮਈ ਤਰੀਕੇ ਨਾਲ ਇਹ ਕਾਰਵਾਈ ਹੋ ਸਕਦੀ ਸੀ। ਹੁਣ ਵੀ ਗ੍ਰਿਫਤਾਰੀ ਹੋ ਗਈ, ਕੋਈ ਰੌਲਾ ਨਹੀਂ ਪਿਆ ਤੇ ਨਾ ਹੀ ਕੋਈ ਤਣਾਅ ਵਧਿਆ, ਪਰ ਸਿਰਫ ਸਰਕਾਰ ਦਾ ਇਰਾਦਾ ਸਿੱਖ ਕੌਮ ਨੂੰ ਬਦਨਾਮ ਕਰਨਾ ਹੈ, ਜੋ ਕਿ ਅੱਜ ਸਾਬਿਤ ਹੋ ਗਈ। ਉਨ੍ਹਾਂ ਕਿਹਾ ਕਿ ਹੁਣ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਮਗਰੋਂ ਕਾਨੂੰਨ ਦੇ ਦਾਇਰੇ ਤੇ ਨਿਯਮਾਂ ਵਿੱਚ ਰਹਿ ਕੇ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨਾਲ ਕੋਈ ਜ਼ਿਆਦਤੀ ਨਾ ਹੋਵੇ।