ਪੰਜਾਬ

punjab

ETV Bharat / state

ਰੋਜ਼ਾਨਾ ਸ਼ਾਮ 6 ਵਜੇ ਤੋਂ ਕਰਫਿਊ ਹੋਵੇਗਾ ਲਾਗੂ

ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਹੋਰ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ,ਰੂਪਨਗਰ ਸੋਨਾਲੀ ਗਿਰੀ ਨੇ ਨਵੇਂ ਪਾਬੰਦੀ ਹੁਕਮ ਜਾਰੀ ਕੀਤੇ ਹਨ।

ਫ਼ੋਟੋ
ਫ਼ੋਟੋ

By

Published : Apr 28, 2021, 2:04 PM IST

ਰੂਪਨਗਰ: ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਹੋਰ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ,ਰੂਪਨਗਰ ਸੋਨਾਲੀ ਗਿਰੀ ਨੇ ਨਵੇਂ ਪਾਬੰਦੀ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ਹੁਕਮਾਂ ਤਹਿਤ ਮਾਲਜ਼ ਅਤੇ ਮਲਟੀਪਲੈਕਸ ਆਦਿ ਵਿੱਚ ਸਥਿਤ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਰੋਜ਼ਾਨਾ ਸ਼ਾਮ 5 ਵਜੇ ਬੰਦ ਕਰਨੀਆਂ ਲਾਜ਼ਮੀ ਹੋਣਗੀਆਂ ਪਰ ਹੋਮ ਡਲੀਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਰਾਤ ਦਾ ਕਰਫਿਊ ਜੋ ਕਿ ਪਹਿਲਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਸੀ, ਹੁਣ ਨਵੇਂ ਹੁਕਮਾਂ ਮੁਤਾਬਕ ਰੋਜ਼ਾਨਾ ਸ਼ਾਮ 6 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਜਾਰੀ ਰਹੇਗਾ ਤਾਂ ਜੋ ਗੈਰ ਜ਼ਰੂਰੀ ਗਤੀਵਿਧੀਆਂ 'ਤੇ ਰੋਕ ਲੱਗ ਸਕੇ। ਹੁਕਮਾਂ ਵਿੱਚ ਕਿਹਾ ਗਿਆ ਹੈ ਹਫ਼ਤਾਵਾਰੀ ਕਰਫਿਊ ਦਾ ਸਮਾਂ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ ਪਰ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਤੋਂ ਛੂਟ ਰਹੇਗੀ। ਸਾਰੇ ਪ੍ਰਾਈਵੇਟ ਦਫ਼ਤਰ ਸਮੇਤ ਸਰਵਿਸ ਇੰਡਸਟਰੀ ਨੂੰ ਸਿਰਫ਼ ਘਰ ਤੋਂ ਹੀ ਕੰਮ ਕਰਨ ਦੀ ਪ੍ਰਵਾਨਗੀ ਹੋਵੇਗੀ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਕੁਝ ਜ਼ਰੂਰੀ ਸੇਵਾਵਾਂ ਵਿੱਚ ਛੂਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਕੈਮਿਸਟ ਦੀਆਂ ਦੁਕਾਨਾਂ ਅਤੇ ਹੋਰ ਜ਼ਰੂਰੀ ਵਸਤਾਂ ਜਿਵੇਂ ਦੁੱਧ, ਡੇਅਰੀ ਪ੍ਰੋਡਕਟਸ, ਸਬਜ਼ੀਆਂ ਅਤੇ ਫਲ ਆਦਿ ਦੀਆਂ ਵਿਕਰੀ ਸੇਵਾਵਾਂ ਨੂੰ ਇਸ ਕਰਫਿਊ ਦੌਰਾਨ ਛੂਟ ਹੋਵੇਗੀ। ਇਸ ਤੋਂ ਇਲਾਵਾ ਉਤਪਾਦਨ ਨਾਲ ਸਬੰਧਤ ਉਦਯੋਗ ਅਤੇ ਇਸ ਸਮਾਨ ਦੀ ਢੋਆ ਢੁਆਈ ਲਈ ਕਾਰਜਸ਼ੀਲ ਮੁਲਾਜ਼ਮਾਂ ਜਾਂ ਲੇਬਰ ਨੂੰ ਆਉਣ ਜਾਣ ਦੀ ਆਗਿਆ ਹੋਵੇਗੀ ਪਰ ਸਬੰਧਤ ਉਦਯੋਗ ਅਜਿਹੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਇਸ ਮੰਤਵ ਲਈ ਲੋੜੀਂਦਾ ਪ੍ਰਵਾਨਗੀ ਪੱਤਰ ਜਾਰੀ ਕਰੇਗਾ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹਵਾਈ, ਰੇਲ ਗੱਡੀਆਂ ਅਤੇ ਬੱਸਾਂ ਆਦਿ ਵਿੱਚ ਯਾਤਰਾ ਕਰਨ ਵਾਲੀਆਂ ਸਵਾਰੀਆਂ ਨੂੰ ਇਸ ਕਰਫਿਊ ਦੌਰਾਨ ਛੂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਹੋਣ ਵਾਲੇ ਉਸਾਰੀ ਕਾਰਜਾਂ ਨੂੰ ਵੀ ਛੂਟ ਦਿੱਤੀ ਗਈ ਹੈ। ਕਣਕ ਦੇ ਖਰੀਦ ਕਾਰਜਾਂ ਦੇ ਨਾਲ ਨਾਲ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ, ਈ-ਕਾਮਰਸ ਅਤੇ ਸਾਰੀਆਂ ਵਸਤਾਂ ਦੀ ਆਵਾਜਾਈ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਨੂੰ ਕਰਫਿਊ ਦੌਰਾਨ ਛੂਟ ਦਿੱਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਨੈਸ਼ਨਲ ਡਾਇਰੈਕਟਿਵਜ਼ ਫਾਰ ਕੋਵਿਡ-19 ਮੈਨੇਜਮੈਂਟ ਗਾਈਡਲਾਇਨਜ਼, ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 6 ਫੁੱਟ ਦੀ ਦੂਰੀ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨੂੰ ਕੰਟਰੋਲ 'ਚ ਰੱਖਣਾ, ਮਾਸਕ ਪਾ ਕੇ ਰੱਖਣਾ ਤੇ ਜਨਤਕ ਥਾਵਾਂ 'ਤੇ ਨਾ ਥੁੱਕਣਾ ਅਦਿ ਨੂੰ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਤਹਿਤ ਸਜ਼ਾਯੋਗ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਈ.ਪੀ.ਸੀ. (ਭਾਰਤੀ ਦੰਡਾਵਲੀ) ਦੀ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 27 ਅਪ੍ਰੈਲ 2021 ਤੋਂ ਫੌਰੀ ਅਮਲ ਨਾਲ ਲਾਗੂ ਹੋਣਗੇ।

ABOUT THE AUTHOR

...view details