ਰੋਪੜ: ਵਿਆਹ ਸ਼ਾਦੀਆਂ ਅਤੇ ਹੋਰ ਕਈ ਸਮਾਗਮਾਂ ਦੇ 'ਚ ਫੋਟੋਗ੍ਰਾਫੀ ਕਰਨ ਵਾਲੇ ਫੋਟੋਗ੍ਰਾਫਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਮੰਦੀ 'ਚੋਂ ਗੁਜ਼ਰ ਰਹੇ ਹਨ। ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ਾਂ ਅਨੁਸਾਰ ਹੁਣ ਵਿਆਹ ਸਮਾਗਮਾਂ ਦੇ ਵਿੱਚ ਸੀਮਤ ਬਰਾਤੀਆਂ ਦੇ ਨਾਲ ਹੀ ਵਿਆਹ ਕੀਤੇ ਜਾ ਸਕਣਗੇ ਅਜਿਹੇ ਦੇ ਵਿੱਚ ਫੋਟੋਗ੍ਰਾਫੀ ਦੇ ਧੰਦੇ ਨਾਲ ਜੁੜੇ ਫੋਟੋਗ੍ਰਾਫਰ ਮੰਦੀ ਵਿੱਚੋਂ ਗੁਜ਼ਰ ਰਹੇ ਹਨ।
ਜਦੋਂ ਵੀ ਕਿਸੇ ਦੇ ਘਰ ਵਿਆਹ ਸ਼ਾਦੀ, ਜਨਮ ਦਿਨ ਜਾਂ ਕੋਈ ਹੋਰ ਸਮਾਗਮ ਹੁੰਦਾ ਹੈ ਤਾਂ ਉਸ ਵਿੱਚ ਫੋਟੋਗ੍ਰਾਫ ਅਤੇ ਵੀਡੀਓ ਬਣਾਉਣ ਵਾਲਾ ਜ਼ਰੂਰ ਹੁੰਦਾ ਹੈ। ਫੋਟੋਗ੍ਰਾਫਰ ਤੇ ਵੀਡੀਓਗ੍ਰਾਫਰ ਤੁਹਾਡੇ ਇਨ੍ਹਾਂ ਸਮਾਗਮਾਂ ਦੀਆਂ ਸੁਨਹਿਰੀ ਯਾਦਾਂ ਨੂੰ ਆਪਣs ਕੈਮਰਿਆਂ ਦੇ ਵਿੱਚ ਕੈਦ ਕਰਕੇ ਇੱਕ ਵਧੀਆ ਫੋਟੋਗ੍ਰਾਫੀ ਦੀ ਐਲਬਮ ਅਤੇ ਵੀਡੀਓ ਫਿਲਮ ਤਿਆਰ ਕਰ ਗ੍ਰਾਹਕ ਨੂੰ ਦਿੰਦਾ ਹੈ ਪਰ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਹੁਣ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮ ਸੀਮਤ ਲੋਕਾਂ ਵਿੱਚ ਹੀ ਹੋ ਰਹੇ ਹਨ।
ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਸਰਕਾਰ ਵੱਲੋਂ ਵਿਆਹ ਸ਼ਾਦੀਆਂ ਵਿੱਚ ਗਿਣਤੀ ਦੇ ਹੀ ਕੁਝ ਬੰਦੇ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਹੈ। ਅਜਿਹੇ ਦੇ ਵਿੱਚ ਹੁਣ ਫੋਟੋਗ੍ਰਾਫਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਮੰਦੀ ਦੇ ਦੌਰ 'ਚ ਗੁਜ਼ਰ ਰਿਹਾ ਹੈ। ਰੂਪਨਗਰ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਇੱਕ ਫੋਟੋਗ੍ਰਾਫਰ ਨੇ ਆਪਣੇ ਘਰੇਲੂ ਅਤੇ ਵਪਾਰਕ ਹਾਲਾਤ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਬਹੁਤ ਤੰਗ ਅਤੇ ਪ੍ਰੇਸ਼ਾਨ ਹਨ। ਕੰਮਕਾਜ ਨਾ ਹੋਣ ਕਾਰਨ ਉਨ੍ਹਾਂ ਦੇ ਕੈਮਰਿਆਂ ਨੂੰ ਜੰਗ ਖਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਦੁਕਾਨਾਂ ਦੇ ਕਿਰਾਏ ਵਰਕਰਾਂ ਦੀਆਂ ਤਨਖ਼ਾਹਾਂ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਬਿਜਲੀ ਦੇ ਬਿੱਲ ਕੰਮ ਕਾਰ ਨਾ ਹੋਣ ਕਾਰਨ ਭਰਨੇ ਔਖੇ ਹੋਏ ਹੋਏ ਹਨ। ਰੂਪਨਗਰ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਫੋਟੋਗ੍ਰਾਫਰਾਂ ਬਾਰੇ ਕੁਝ ਸੋਚਣ ਅਤੇ ਰਾਹਤ ਦੇਣ ਚਾਹੇ ਫੋਟੋਗ੍ਰਾਫਰਾਂ ਦੇ ਸਕੂਲ ਦੇ ਵਿੱਚ ਪੜ੍ਹ ਰਹੇ ਬੱਚਿਆਂ ਦੀ ਫ਼ੀਸ ਮਾਫ਼ ਕੀਤੀ ਜਾਵੇ।