ਰੂਪਨਗਰ: ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕੀਤਾ(Chief Minister Channy visits mining sites in rupnager)। ਜਿੱਥੇ ਉਨਾਂ ਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, ਸਗੋਂ ਉਥੇ ਰਾਜ ਸਰਕਾਰ ਨੇ ਨਿਰਧਾਰਤ 5.50 ਪ੍ਰਤੀ ਕਿਊਸਿਕ ਕੀਮਤਾਂ ਮੁਤਾਬਕ ਰੇਤਾ ਵੇਚਿਆ ਜਾ ਰਿਹਾ ਹੈ।
ਦਿੱਲੀ ਤੋਂ ਸੂਬੇ ਵਿੱਚ ਲੈਂਡ ਕੀਤੇ ‘ਆਪ’ ਆਗੂਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਹਿਜ਼ ਆਪਣੇ ਸਿਆਸੀ ਹਿੱਤਾਂ ਲਈ ਬੇਬੁਨਿਆਦ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਰਕਾਰ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਮੁੱਖ ਮੰਤਰੀ ਚੰਨੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਣੇ ਬੜੀ ਹਲਾਮੀ ਨਾਲ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ। ਜਿੱਥੇ ਸਰਕਾਰੀ ਮਸ਼ੀਨਰੀ ਨਾਲ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ।
ਮੁੱਖ ਮੰਤਰੀ ਨੇ ਟਰੱਕਾਂ ਵਿੱਚ ਰੇਤਾ ਲੋਡ ਕਰਵਾ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੇ ਅਦਾ ਕੀਤੇ ਜਾ ਰਹੇ ਭਾਅ ਬਾਰੇ ਪੁੱਛਿਆ। ਸਾਰੇ ਡਰਾਈਵਰਾਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਲਾਗੂ ਕੀਤੀ ਗਈ ਪਾਲਿਸੀ ਤਹਿਤ 5.50 ਰੁਪਏ ਕੀਮਤ ਮੁਤਾਬਕ ਭਰਾਈ ਹੋ ਰਹੀ ਹੈ। ਇਸੇ ਤਰ੍ਹਾਂ ਮਾਈਨਿੰਗ ਦੇ ਸਾਰੇ ਦਸਤਾਵੇਜ਼ ਸਹੀ ਪਾਏ ਗਏ, ਜੋ ‘ਆਪ’ ਦੇ ਦਿੱਲੀ ਆਗੂਆਂ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਈਨਿੰਗ ਵਾਲੀਆਂ ਥਾਵਾਂ ‘ਤੇ ਮੁਫ਼ਤ ਰੇਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ, ਪਰ ਪਿਛਲੇ ਸਮੇਂ ਦੌਰਾਨ ਹੋਏ ਸਮਝੌਤੇ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਹਨ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਕਤ ਠੇਕਾ 31 ਮਾਰਚ ਤੱਕ ਹੈ ਅਤੇ ਭਵਿੱਖ ਵਿੱਚ ਲੋਕਾਂ ਨੂੰ ਰੇਤਾ/ਬਜਰੀ ਹੋਰ ਵੀ ਸਸਤੀਆਂ ਕੀਮਤਾਂ ‘ਤੇ ਮਿਲਣਗੇ।
ਕਾਨੂੰਨ ਮੁਤਾਬਕ ਚੱਲ ਰਹੀ ਮਾਈਨਿੰਗ ‘ਤੇ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਰੇਤ ਦੀਆਂ ਕੀਮਤਾਂ ਬਾਰੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲਈ ‘ਆਪ’ ਆਗੂਆਂ ਰਾਘਵ ਚੱਢਾ ਅਤੇ ਹੋਰਾਂ ਨੂੰ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਚੱਢਾ ਅਤੇ ਹੋਰ ਬਾਹਰੀ ਆਗੂਆਂ ਨੂੰ ਬੇਬੁਨਿਆਦ ਮੁੱਦੇ ਛੇੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਨਾਂ ਨਾਲ ਸੂਬੇ ਦੇ ਸੁਚਾਰੂ ਕੰਮਕਾਜ ਵਿੱਚ ਵਿਘਨ ਪੈਂਦਾ ਹੋਵੇ।