ਸ੍ਰੀ ਚਮਕੌਰ ਸਾਹਿਬ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਨੇ ਚਮਕੌਰ ਸਾਹਿਬ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 1000 ਕਰੋੜ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਮੁੱਖ ਮੰਤਰੀ (Charanjit Channi) ਨੇ ਸ੍ਰੀ ਚਮਕੌਰ ਸਾਹਿਬ ਬਲਾਕ ਦੇ 75 ਪਿੰਡਾਂ ਦੇ ਸਰਪੰਚਾਂ ਨੂੰ 60 ਕਰੋੜ ਰੁਪਏ ਦੇ ਚੈੱਕ ਵੀ ਵੰਡੇ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਦੇ ਤਹਿਤ ਬਕਾਏ ਬਿਜਲੀ ਬਿੱਲ ਮੁਆਫ਼ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਅਤੇ ਸੰਕੇਤਕ ਤੌਰ ਉਤੇ ਬਕਾਏ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਲੋਕਾਂ ਨੂੰ ਪੁਰਾਣੇ ਬਿੱਲਾਂ ਦੀਆਂ ਦੇਣਦਾਰੀਆਂ ਭੁੱਲ ਜਾਣ ਲਈ ਆਖਿਆ। ਪੰਜਾਬ ਸਰਕਾਰ ਨੇ 2 ਕਿਲੋਵਾਟ ਬਿਜਲੀ ਲੋਡ ਤੱਕ ਵਾਲੇ ਸਾਰੇ ਖਪਤਕਾਰਾਂ ਦੇ ਬਕਾਏ ਮੁਆਫ਼ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਹੈ।
ਪਿੰਡ ਸੰਧੂਆਂ, ਗੱਗੋਂ, ਭੈਰੋਂ ਮਾਜਰਾ, ਬੇਲਾ, ਵਜੀਦਪੁਰ ਅਤੇ ਮਹਿਤੋਟ ਵਿਖੇ ਜਨਤਕ ਇਕੱਠਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ (Charanjit Channi) ਨੇ ਭਾਵੁਕ ਹੁੰਦਿਆਂ, “ਇਸ ਹਲਕੇ ਤੋਂ ਲਗਾਤਾਰ 3 ਵਾਰ ਚੁਣੇ ਜਾਣ ਲਈ ਮੈਂ ਤੁਹਾਡੇ ਸਾਰਿਆਂ ਦਾ ਰਿਣੀ ਹਾਂ। ਜਿਸ ਸਦਕਾ ਕਾਂਗਰਸ ਹਾਈ ਕਮਾਨ ਨੇ ਮੈਨੂੰ ਮੁੱਖ ਮੰਤਰੀ ਵਜੋਂ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਚੰਨੀ (Charanjit Channi) ਨੇ ਕਿਹਾ ਕਿ ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨਾਲ ਅਸਲ ਵਿੱਚ ਹਰੇਕ ਪਿੰਡ ਦਾ ਚੁਣਿਆ ਹੋਇਆ ਨੁਮਾਇੰਦਾ ਮੁੱਖ ਮੰਤਰੀ ਬਣਿਆ ਹੈ।
ਪਿੰਡ ਭੈਰੋਂ ਮਾਜਰਾ ਵਿਖੇ ਬੋਲਦਿਆਂ ਚੰਨੀ ਨੇ ਕਿਹਾ, “ਮੈਂ ਤਹਾਨੂੰ ਪਿਛਲੀਆਂ ਚੋਣਾਂ ਵਿੱਚ ਕਹਿ ਰਿਹਾ ਸੀ, ਕਿ ਜੇਕਰ ਤੁਸੀਂ ਮੈਨੂੰ ਇਸ ਹਲਕੇ ਵਿੱਚੋਂ ਆਪਣਾ ਨੁਮਾਇੰਦਾ ਚੁਣ ਕੇ ਭੇਜਿਆ ਤਾਂ ਤੁਸੀਂ ਜੋ ਚਾਹੁੰਦੇ ਹੋ, ਹਾਸਲ ਕਰ ਸਕਦੇ ਹੋ। ਪਰ ਹੁਣ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਹਾਂ, ਮੈਂ ਤੁਹਾਡੇ ਸ਼ਬਦਾਂ ਉਤੇ ਫੁੱਲ ਚੜ੍ਹਾਵਾਂਗਾ।” ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਇਸ ਪੱਛੜੇ ਇਲਾਕੇ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ (Charanjit Channi) ਨੇ ਕਿਹਾ ਕਿ ਭਾਵੇਂ ਕਿ ਪੰਜਾਬ ਦੇ ਹੋਰ ਖੇਤਰਾਂ ਵਿੱਚ ਵੀ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਹਨ। ਪਰ ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਇਕ ਸਰਕਾਰੀ ਯੂਨੀਵਰਸਿਟੀ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਿਰਮਾਣ ਕਰਨ ਲਈ 42 ਕਰੋੜ ਰੁਪਏ ਦੀ ਜ਼ਮੀਨ ਖਰੀਦੀ ਜਾਂ ਚੁੱਕੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਹੋ ਰਹੀ ਹੁਨਰ ਵਿਕਾਸ ਯੂਨੀਵਰਸਿਟੀ ਦੇ ਨਿਰਮਾਣ ਲਈ 100 ਕਰੋੜ ਰੁਪਏ ਦੇ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ (Charanjit Channi) ਨੇ ਪਿੰਡ ਮਹਿਤੋਟ ਦੇ ਸਟੇਡਿਅਮ ਲਈ 1 ਕਰੋੜ 13 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਚਮਕੌਰ ਸਾਹਿਬ ਵਿਖੇ 100 ਬਿਸਤਰਿਆਂ ਵਾਲਾ ਇੱਕ ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਵੇਖਦੇ ਹੋਏ ਬੇਲਾ ਪੁਲ ਦਾ ਨੀਂਹ ਪੱਥਰ 30 ਅਕਤੂਬਰ ਨੂੰ ਰੱਖਿਆ ਜਾਵੇਗਾ ਅਤੇ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਜ਼ਮੀਨ ਇਸ ਪੁਲ ਦੀ ਉਸਾਰੀ ਲਈ ਐਕਵਾਇਰ ਕੀਤੀ ਜਾਵੇਗੀ।