ਰੂਪਨਗਰ ਦੇ ਪਿੰਡਾਂ ਵਿੱਚ ਹੜ੍ਹ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੀ ਕੇਂਦਰ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਟੀਮ ਰੂਪਨਗਰ:ਪਿਛਲੇ ਦਿਨੀਂ ਜ਼ਿਲ੍ਹੇ ਵਿੱਚ ਆਏ ਹੜ੍ਹ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅੱਜ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਦੀ ਸੱਤ ਮੈਂਬਰੀ ਕਮੇਟੀ ਨੇ ਰੂਪਨਗਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਟੀਮ ਦੀ ਅਗਵਾਈ ਐੱਨ ਡੀ ਐਮ ਏ ਫਾਈਨੈਸ਼ਲ ਅਡਵਾਈਜ਼ਰ ਰਵਨੀਸ਼ ਕੁਮਾਰ ਕਰ ਰਹੇ ਹਨ ਅਤੇ ਅੱਜ ਰੂਪਨਗਰ ਪਹੁੰਚੀ ਇਸ ਟੀਮ ਵੱਲੋਂ ਹਲਕਾ ਸ਼੍ਰੀ ਚਮਕੌਰ ਸਾਹਿਬ ਅਤੇ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ।
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ:ਜਿਸ ਵਿੱਚ ਰੂਪਨਗਰ ਹਲਕੇ ਦੇ ਬਸੰਤ ਨਗਰ ਇਲਾਕੇ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਰਿਹਾਇਸ਼ੀ ਇਲਾਕਾ ਹੋਣ ਕਾਰਨ ਇਸ ਜਗ੍ਹਾ ਰਹਿ ਰਹੇ ਲੋਕਾਂ ਨੂੰ ਪਾਣੀ ਦੀ ਮਾਰ ਕਾਰਨ ਕਾਫੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟੀਮ ਵੱਲੋਂ ਇਲਾਕੇ 'ਚ ਹੜ੍ਹ ਕਾਰਨ ਨੁਕਸਾਨੀ ਉਸ ਥਾਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਚੌਂਤਾ ਭੈਣੀ, ਕਮਾਲਪੁਰ, ਬੰਦੇ ਮਾਹਲਾ ਸੁਰਤਾਪੁਰ, ਚਮਕੌਰ ਸਾਹਿਬ ਤੋਂ ਇਲਾਵਾ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ।
ਅਸੀਂ ਕਰ ਰਹੇ ਆਪਣਾ ਕੰਮ:ਇਸ ਸਬੰਧੀ ਕੇਂਦਰੀ ਟੀਮ ਦੀ ਅਗਵਾਈ ਕਰ ਰਹੇ ਰਵਨੀਸ਼ ਕੁਮਾਰ ਦਾ ਕਹਿਣਾ ਕਿ ਕੇਂਦਰੀ ਗ੍ਰਹਿ ਵਿਭਾਗ ਵਲੋਂ ਸੱਤ ਮੈਂਬਰੀ ਟੀਮ ਬਣਾਈ ਹੈ, ਜੋ ਜਾਂਚ ਲਈ ਇਥੇ ਆਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਵਲੋਂ ਕੇਂਦਰ ਨੂੰ ਰਿਪੋਰਟ ਸੌਂਪੀ ਜਾਵੇਗੀ, ਜਿਸ 'ਤੇ ਕੇਂਦਰ ਸਰਕਾਰ ਅਗਲੀ ਕਾਰਵਾਈ ਕਰੇਗੀ।
ਜਨਜੀਵਨ ਹੋਇਆ ਸੀ ਪ੍ਰਭਾਵਿਤ:ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਪ੍ਰੀਤੀ ਯਾਦਵ ਅਤੇ ਰੂਪਨਗਰ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਟੀਮ ਦੇ ਨਾਲ ਹਾਜਰ ਸਨ । ਜਿਕਰਯੋਗ ਹੈ ਮਿਤੀ 9, 10 ਅਤੇ 11 ਜੁਲਾਈ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਰੂਪਨਗਰ ਜ਼ਿਲ੍ਹੇ ਦੇ ਕਈ ਖੇਤਰਾਂ ਵਿੱਚ ਬਰਸਾਤੀ ਨਦੀ, ਨਾਲੇ ਉਫਾਨ 'ਤੇ ਆਉਣ ਕਾਰਨ ਹੜ੍ਹ ਦੇ ਹਾਲਾਤ ਪੈਦਾ ਹੋਏ ਸਨ। ਜਿਸ ਨਾਲ ਕਈ ਨਦੀਆਂ, ਨਾਲੇ ਅਤੇ ਚੌਅ ਦੇ ਬੰਨ੍ਹ ਟੁੱਟਣ ਨਾਲ ਫ਼ਸਲੀ ਨੁਕਸਾਨ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਭਾਰੀ ਨੁਕਸਾਨ ਹੋਇਆ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।
ਘਰਾਂ ਦਾ ਵੀ ਹੋਇਆ ਸੀ ਨੁਕਸਾਨ: ਹੜ੍ਹਾਂ ਦੀ ਮਾਰ ਵਿੱਚ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ ਦੀਆਂ ਟੀਮਾਂ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਲੋਕਾਂ ਦਾ ਆਰਥਿਕ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਅਤੇ ਕਈ ਘਰਾਂ ਵਿੱਚ ਪਾਣੀ ਭਰਨ ਨਾਲ ਜਿੱਥੇ ਮਕਾਨਾਂ ਨੂੰ ਭਾਰੀ ਨੁਕਸਾਨ ਹੋਇਆ ਉੱਥੇ ਹੀ ਉਹਨਾਂ ਦਾ ਘਰਾਂ ਵਿੱਚ ਰੱਖਿਆ ਸਮਾਨ ਅਤੇ ਹੋਰ ਨੁਕਸਾਨ ਵੀ ਵੱਡੇ ਪੱਧਰ 'ਤੇ ਹੋਇਆ ਸੀ।
ਕੇਂਦਰ ਦਾ ਬਜਟ:ਕੇਂਦਰ ਸਰਕਾਰ ਵੱਲੋਂ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਨੂੰ 218 ਕਰੋੜ ਰੁਪਏ ਦਾ ਬਜਟ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਦਿੱਤਾ ਗਿਆ, ਪਰ ਇਸ ਆਫ਼ਤ ਦੀ ਘੜੀ ਵਿੱਚ ਵੀ ਰਾਜਨੀਤੀ ਆਪਣੇ ਪੂਰੇ ਚਰਮ 'ਤੇ ਰਹੀ ਅਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਗਿਆ ਕਿ ਉਹਨਾਂ ਇਸ ਔਖੀ ਘੜੀ ਵਿੱਚ ਪੰਜਾਬ ਦੀ ਬਾਂਹ ਨਹੀਂ ਫੜੀ।
ਕੇਂਦਰ ਦੀ ਜਾਂਚ ਟੀਮ ਤਿਆਰ ਕਰੇਗੀ ਰਿਪੋਰਟ:ਜਦੋਂ ਕਿ ਕੇਂਦਰ ਵੱਲੋਂ ਮੋੜਵੇਂ ਜਵਾਬ ਵਿੱਚ ਇਹ ਕਿਹਾ ਗਿਆ ਕਿ ਉਹਨਾਂ 218 ਕਰੋੜ ਰੁਪਏ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜਾਰੀ ਕੀਤੇ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਕੇਂਦਰ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਉਹ ਕੀ ਨਿਰੀਖਣ ਕਰਕੇ ਇਹਨਾਂ ਹੜ ਪ੍ਰਭਾਵਿਤ ਖੇਤਰਾਂ ਦਾ ਨੁਕਸਾਨ ਦਾ ਜਾਇਜ਼ਾ ਭੇਜਦੀਆਂ ਹਨ ਤਾਂ ਜੋ ਕੇਂਦਰ ਵੱਲੋਂ ਮੁੜ ਦੁਬਾਰਾ ਗ੍ਰਾਂਟ ਜਾਰੀ ਕੀਤੀ ਜਾਵੇ ਅਤੇ ਮੁੜ ਵਸੇਵਾ ਹੜ ਪ੍ਰਭਾਵਿਤ ਲੋਕਾਂ ਨੂੰ ਹੋਰ ਕੀ ਸਹਾਇਤਾ ਮਿਲੇਗੀ।