ਰੂਪਨਗਰ: ਜਨਗਣਨਾ 2021 ਪੂਰਨ ਰੂਪ ਵਿੱਚ ਡਿਜ਼ੀਟਲਾਇਜ਼ ਹੋਵੇਗੀ ਅਤੇ ਮੋਬਾਇਲ ਐਪ ਰਾਹੀਂ ਹਰ ਘਰ ਅਤੇ ਵਿਅਕਤੀ ਬਾਰੇ ਜਾਣਕਾਰੀ ਅਪਲੋਡ ਕੀਤੀ ਜਾਵੇਗੀ, ਜਿਸ ਨੂੰ ਲਗਭਗ 1.5 ਸਾਲ ਵਿੱਚ ਮੁਕੰਮਲ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟੋਰੇਟ ਜਨਗਣਨਾ ਆਪ੍ਰੇਸ਼ਨ ਦੇ ਡਾਇਰੈਕਟਰ ਡਾ. ਅਭਿਸ਼ੇਕ ਜੈਨ ਨੇ ਮਿੰਨੀ ਸਕੱਤਰ ਦੀ ਕਮੇਟੀ ਰੂਮ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਅਗਾਮੀ ਹੋਣ ਵਾਲੀ ਜਨਗਣਨਾ ਦੀ ਤਿਆਰੀ ਸਬੰਧੀ ਪ੍ਰਬੰਧ ਕਰਨ ਲਈ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਨਗਣਨਾ 1872 ਤੋਂ ਲੈਕੇ ਹਰ 10 ਸਾਲ ਬਾਅਦ ਕੀਤੀ ਗਈ ਹੈ, ਜਿਸ ਦਾ ਇਤਿਹਾਸ ਲਗਭਗ 150 ਸਾਲ ਦਾ ਹੈ, ਜੋ ਹੁੱਣ ਤੱਕ 15 ਵਾਰ ਹੋ ਚੁੱਕੀ ਹੈ। ਜਨਗਣਨਾ ਦੌਰਾਨ 70 ਤੋਂ 75 ਵਿਸ਼ਿਆਂ ਨੂੰ ਕਵਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਐਪ ਰਾਹੀਂ ਜਨਗਣਨਾ ਦੀ ਪ੍ਰਕਿਰਿਆ ਨੂੰ ਨੇਪੜੇ ਚਾੜਿਆ ਜਾਵੇਗਾ ਜੋ ਕਿ 16 ਭਸ਼ਾਵਾਂ ਵਿੱਚ ਹੋਵੇਗੀ।
ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਹੀ ਜ਼ਿਲ੍ਹਿਆਂ, ਤਹਿਸੀਲਾਂ, ਸ਼ਹਿਰਾਂ, ਪਿੰਡਾਂ, ਨਵੀਆਂ ਕਮੇਟੀਆਂ ਆਦਿ ਦੇ ਨਕਸ਼ੇ ਅਪਡੇਟ ਕੀਤਾ ਜਾਣਗੇ। ਜਿਸ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਕਾਰਜਕਾਰੀ ਅਫਸਰ ਸਥਾਨਕ ਸਰਕਾਰਾਂ ਵਿਭਾਗ ਅਤੇ ਮਾਲ ਵਿਭਾਗ ਵਲੋਂ ਸਹੀ ਜਾਣਕਾਰੀ ਹੀ ਰਿਪੋਰਟ ਕੀਤੀ ਜਾਵੇ।