ਰੂਪਨਗਰ : ਸ੍ਰੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਜਾਂਦੇ ਹੋਏ ਪਿੰਡ ਕੋਟਲਾ ਨੇੜੇ ਇੱਕ ਗੱਡੀ ਭਾਖੜਾ ਨਹਿਰ 'ਚ ਡਿੱਗਣ ਦੀ ਖ਼ਬਰ ਹੈ। ਹਲਾਂਕਿ ਅਜੇ ਤੱਕ ਗੱਡੀ ਨਹੀਂ ਮਿਲ ਸਕੀ ਤੇ ਨਾਂ ਹੀ ਮ੍ਰਿਤਕਾਂ ਸਬੰਧੀ ਕੋਈ ਜਾਣਕਾਰੀ ਮਿਲ ਸਕੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਕੋਟਲਾ ਦੇ ਸਰਪੰਚ ਜਗਦੀਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਸੀ ਕਿ ਦੇਰ ਰਾਤ ਇੱਕ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ ਹੈ। ਸਰਪੰਚ ਨੇ ਇਸ ਸਬੰਧੀ ਨੇੜੇਲ ਥਾਣੇ ਵਿੱਚ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਪੁਲਿਸ ਗੋਤਾਖੋਰਾਂ ਦੀ ਟੀਮ ਨਾਲ ਮੌਕੇ 'ਤੇ ਪੁੱਜੀ। ਗੋਤਾਖੋਰਾਂ ਵੱਲੋਂ ਲਗਾਤਾਰ ਗੱਡੀ ਦੀ ਭਾਲ ਜਾਰੀ ਹੈ। ਇਸ ਕੰਮ 'ਚ ਜੁੱਟੇ ਇੱਕ ਗੋਤਾਖੋਰ ਰਾਮਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਗੱਡੀ ਦੀ ਭਾਲ ਕਰ ਰਹੀ ਹੈ, ਪਰ ਨਹਿਰ ਵਿੱਚ ਪਾਣੀ ਦਾ ਬਹਾਅ ਬੇਹਦ ਤੇਜ਼ ਹੈ, ਜਿਸ ਦੇ ਚਲਦੇ ਗੱਡੀ ਦੇ ਦੂਰ ਤੱਕ ਰੂੜਨ ਦਾ ਖ਼ਦਸ਼ਾ ਹੈ। ਫਿਲਹਾਲ ਅਜੇ ਵੀ ਉਨ੍ਹਾਂ ਵੱਲੋਂ ਗੱਡੀ ਤੇ ਗੱਡੀ ਵਿੱਚ ਸਵਾਰ ਲੋਕਾਂ ਦੀ ਭਾਲ ਜਾਰੀ ਹੈ।
ਇਸ ਸਬੰਧੀ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੇ ਪੁਲਿਸ ਅਧਿਕਾਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਕੋਟਲਾ ਦੇ ਸਰਪੰਚ ਵੱਲੋਂ ਭਾਖੜਾ ਨਹਿਰ 'ਚ ਇੱਕ ਗੱਡੀ ਦੇ ਡਿੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮੁੰਢਲੀ ਜਾਂਚ ਦੌਰਾਨ ਨਹਿਰ ਦੇ ਕੰਢੇ 'ਤੇ ਗੱਡੀ ਦੇ ਟਾਈਰਾਂ ਦੇ ਨਿਸ਼ਾਨ ਨਹਿਰ ਵੱਲ ਮਿਲੇ ਸਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਗੱਡੀ ਨਹੀਂ ਮਿਲ ਸਕੀ ਤੇ ਨਾਂ ਹੀ ਮ੍ਰਿਤਕਾਂ ਸਬੰਧੀ ਕੋਈ ਜਾਣਕਾਰੀ ਮਿਲ ਸਕੀ ਹੈ। ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਪੰਜਾਬੀ ਫਿਲਮ ਤੇ ਸੰਗੀਤ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ,ਹਜ਼ਾਰਾਂ ਲੋਕ ਹੋਏ ਬੇਰੁਜ਼ਗਾਰ