ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਸ਼ਹਿਰ ਵਿੱਚ 2 ਰੋਜ਼ਾ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਜਾ ਰਿਹਾਵ ਹੈ। ਇਹ ਸ਼ੋਅ 17 ਅਤੇ 18 ਅਕਤੂਬਰ ਨੂੰ ਕੈਨਾਲ ਰੈਸਟ ਹਾਊਸ ਦੇ ਪਿੱਛੇ ਸਥਿਤ ਸਤਲੁਜ਼ ਦਰਿਆ ਦੇ ਕੰਢੇ 'ਤੇ ਸ਼ਾਮ ਨੂੰ ਲਗਾਇਆ ਜਾਵੇਗਾ। ਇਸ ਸ਼ੋਅ ਵਿੱਚ ਖ਼ਾਸ ਤੌਰ 'ਤੇ ਸ਼ਿਰਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਰਹੇ ਹਨ।
ਰੋਜ਼ਾਨਾ ਲਗਾਏ ਜਾਣਗੇ 2 ਸ਼ੋਅ
ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਰੋਜ਼ਾਨਾ 02 ਸ਼ੋਅ ਲਗਾਏ ਜਾਣਗੇ। ਪਹਿਲਾ ਸ਼ੋਅ ਸ਼ਾਮ ਦੇ 06:45 ਤੇ ਤੇ ਦੂਜਾ ਸ਼ਾਮ 08.00 ਵਜੇ ਲਗਿਆ ਕਰੇਗਾ। ਇਹ ਸ਼ੋਅ ਪੰਜਾਬ ਦੇ 10 ਜ਼ਿਲਿਆਂ ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕੰਡੇ ਲਾਇਆ ਜਾਵੇਗਾ।
ਰੋਪੜ ਵਿਖੇ ਲਗਣ ਜਾ ਰਹੇ ਲਾਇਟ ਸ਼ੋਅ ਦੀ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਅਨਿੰਦਿਤਾ ਮਿੱਤਰਾ ਪੁੱਜੀ।
ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੀ ਇੱਕ ਝਲਕ ਇਸ ਦੀ ਸ਼ੁਰੂਆਤ 17 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਰੂਪਨਗਰ ਤੋਂ ਕੀਤੀ ਜਾ ਰਹੀ ਹੈ। ਇਸ ਸ਼ੋਅ ਦੌਰਾਨ ਲੇਂਜਰ ਤਕਨੀਕ ਰਾਹੀਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਵਿਸਥਾਰ ਜਾਣਕਾਰੀ ਦਰਸਾਈ ਜਾਵੇਗੀ।
ਡੀਸੀ ਵੱਲੋਂ ਲੋਕਾਂ ਨੂੰ ਸ਼ੋਅ ਵਿੱਚ ਪਹੁੰਚਣ ਦਾ ਸੱਦਾ
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੁਮੀਤ ਕੁਮਾਰ ਜਾਰੰਗਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਜ਼ਰੂਰ ਦੇਖਣ ਆਉਣ। ਉਨ੍ਹਾਂ ਨੇ ਕਿਹਾ ਕਿ ਸ਼ੋਅ ਵਿੱਚ ਐਟਰੀ ਮੁਫ਼ਤ ਹੋਵੇਗੀ ਅਤੇ ਲੋਕਾਂ ਦੇ ਬੈਠਣ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ੋਅ ਦੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਨੂੰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।