ਸਮਾਜ ਸੇਵੀ ਨੇ ਜਾਣਕਾਰੀ ਦਿੱਤੀ ਰੂਪਨਗਰ: ਇਨਸਾਨੀਅਤ ਨੂੰ ਸ਼ਰਮਸਾਰ ਤੇ ਦਿਲ ਝੰਜੋੜਨ ਵਾਲੀ ਘਟਨਾ ਰੂਪਨਗਰਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਨਾਮੀ ਵਕੀਲ ਅੰਕੁਰ ਗੁਪਤਾ ਵੱਲੋਂ ਆਪਣੀ ਮਾਂ ਦੇ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਸੀ। ਉਸ ਵਲੋਂ ਆਪਣੀ ਪਤਨੀ ਤੇ ਨਾਬਾਲਿਗ ਪੁੱਤ ਸਣੇ ਲਗਾਤਾਰ ਮਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਵਕੀਲ ਵਲੋਂ ਮਾਰਕੁੱਟ ਕਰਦੇ ਦੀ ਵੀਡੀਓ ਬਜ਼ੁਰਗ ਮਹਿਲਾ ਦੇ ਕਮਰੇ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋਈਆਂ ਸਨ। ਜਿਸ ਤੋਂ ਬਾਅਦ ਮਾਮਲਾ ਬਜ਼ੁਰਗ ਮਹਿਲਾ ਨੇ ਆਪਣੀ ਧੀ ਦੇ ਧਿਆਨ 'ਚ ਲਿਆਂਦਾ, ਜਿਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੰਸਥਾ ਵਲੋਂ ਪੁਲਿਸ ਦੀ ਮਦਦ ਨਾਲ ਬਜ਼ੁਰਗ ਮਾਂ ਨੂੰ ਰੈਸਕਿਊ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਵੀ ਵਕੀਲ ਪੁੱਤ ਅਤੇ ਉਸ ਦੀ ਪਤਨੀ ਤੇ ਪੁੱਤ 'ਤੇ ਮਾਮਲਾ ਦਰਜ ਕਰਕੇ ਵਕੀਲ ਅੰਕੁਰ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰੂਪਨਗਰ ਦੀ ਹੈ ਅਣਮਨੁੱਖੀ ਘਟਨਾ:ਜ਼ਿਕਰਯੋਗ ਹੈ ਕਿ ਪੀੜਤ ਮਾਂ ਦਾ ਪੁੱਤਰ ਅੰਕੁਰ ਗੁਪਤਾ ਜੋ ਕਿ ਰੂਪਨਗਰ ਵਿੱਚ ਇੱਕ ਨਾਮੀ ਵਕੀਲ ਹੈ, ਜੋ ਰੂਪਨਗਰ ਦੀ ਕਲੋਨੀ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਮਕਾਨ ਨੰਬਰ 478 ਦਾ ਵਾਸੀ ਹੈ, ਜਿਸ ਨੇ ਆਪਣੇ ਘਰ ਵਿੱਚ ਆਪਣੀ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਇਥੋਂ ਤੱਕ ਕਿ ਵਕੀਲ ਪੁੱਤ ਦੀ ਪਤਨੀ ਅਤੇ ਪੁੱਤ ਵੀ ਬਜ਼ੁਰਗ ਮਾਂ ਦੀ ਕੁੱਟਮਾਰ ਕਰਦੇ ਸੀ।
ਬਤੌਰ ਪ੍ਰੋਫੈਸਰ ਸੇਵਾ ਮੁਕਤ ਹੈ ਪੀੜਤ ਮਾਤਾ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੀੜਤ ਮਾਤਾ ਬਤੌਰ ਪ੍ਰੋਫੈਸਰ ਸੇਵਾ ਮੁਕਤ ਹੋਏ ਸਨ, ਜਿਸ ਤੋਂ ਬਾਅਦ ਪੁੱਤਰ ਵੱਲੋਂ ਪਹਿਲਾਂ ਹੀ ਮਾਤਾ ਦੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ ਸੀ। ਪੀੜਤ ਮਾਤਾ ਨੂੰ ਪੈਰਾਲਾਈਸਿਸ ਹੋਇਆ ਸੀ, ਪਰ ਉਸ ਤੋਂ ਬਾਅਦ ਵੀ ਇਹ ਅਣਮਨੁੱਖੀ ਘਟਨਾ ਨੂੰ ਅੰਜ਼ਾਮ ਉਸਦੇ ਪੁੱਤਰ ਅਤੇ ਉਸਦੇ ਪੋਤਰੇ ਵੱਲੋਂ ਦਿੱਤਾ ਜਾ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਅਣਮਨੁੱਖੀ ਘਟਨਾ ਦੀ ਵੀਡੀਓ ਬਾਹਰ ਆਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਵਕੀਲ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਨੁੱਖਤਾ ਦੀ ਸੇਵਾ ਸੰਸਥਾ ਨੇ ਕਰਵਾਇਆ ਰੈਸਕਿਊ: ਇਹ ਵੀ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਮਹਿਲਾ ਦੀ ਧੀ ਨੂੰ ਵੀ ਵਕੀਲ ਪੁੱਤ ਮਿਲਣ ਨਹੀਂ ਦਿੰਦਾ ਸੀ। ਜਦੋਂ ਉਸ ਨੂੰ ਮਾਂ ਨਾਲ ਹੁੰਦੀ ਕੁੱਟਮਾਰ ਦਾ ਪਤਾ ਲੱਗਾ ਤਾਂ ਉਸ ਵਲੋਂ ਮਨੁੱਖਤਾ ਦੀ ਸੇਵਾ ਸੰਸਥਾ ਨਾਲ ਰਾਬਤਾ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਸਾਰੀ ਟੀਮ ਵਲੋਂ ਪੁਲਿਸ ਨਾਲ ਮੌਕੇ 'ਤੇ ਪਹੁੰਚ ਕੇ ਬਜ਼ੁਰਗ ਮਾਂ ਨੂੰ ਉਥੋਂ ਰੈਸਕਿਊ ਕਰਵਾ ਕੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਉਹ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਸੰਸਥਾ ਦੇ ਮੁਖੀ ਦਾ ਕਹਿਣਾ ਕਿ ਉਨ੍ਹਾਂ ਨੂੰ ਸਮਾਜ ਸੇਵਾ ਕਰਦਿਆਂ ਕਈ ਸਾਲ ਹੋ ਗਏ ਪਰ ਅਜਿਹਾ ਪਹਿਲਾ ਮਾਮਲਾ ਆਇਆ, ਜਿਥੇ ਪੜਿਆ ਲਿਖਿਆ ਪਰਿਵਾਰ ਆਪਣੀ ਮਾਂ ਨਾਲ ਅਜਿਹਾ ਤਸ਼ੱਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਹ ਪੁਲਿਸ ਨੂੰ ਨਾਲ ਲੈਕੇ ਮਾਤਾ ਨੂੰ ਰੈਸਕਿਊ ਲਈ ਆਏ ਹਨ।
ਪਰਿਵਾਰ ਵੱਲੋਂ ਮਾਂ 'ਤੇ ਅਣਮਨੁੱਖੀ ਤਸ਼ੱਦਦ: ਦੱਸ ਦਈਏ ਕਿ ਇਸ ਸੀਸੀਟੀਵੀ ਫੁਟੇਜ ਵੀਡੀਓ ਵਿੱਚ ਵਕੀਲ ਅੰਕੁਰ ਵਰਮਾ ਦੀ ਪਤਨੀ ਤੇ ਉਸਦਾ ਪੁੱਤਰ ਜੋ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਉਹ ਵੀ ਉਸ ਦਾ ਸਾਥ ਦਿੰਦਾ ਸਾਫ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਵਕੀਲ ਅੰਕੁਰ ਵਰਮਾ ਦੀ ਭੈਣ ਦੀਪਸ਼ੀਕਾ ਦੀ ਸ਼ਿਕਾਇਤ ਉੱਤੇ ਇਹ ਸਾਰਾ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲ ਅੰਕੁਰ ਵਰਮਾ ਦੇ ਪਰਿਵਾਰ ਵੱਲੋਂ ਆਪਣੀ ਭੈਣ ਨੂੰ ਆਪਣੀ ਮਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਵਕੀਲ ਅੰਕੁਰ ਵਰਮਾ ਦੀ ਭੈਣ ਦੀਪਸ਼ੀਕਾ ਵੱਲੋਂ ਲੁਧਿਆਣਾ ਦੀ ਸੰਸਥਾ 'ਮਨੁੱਖਤਾ ਦੀ ਸੇਵਾ' ਨਾਲ ਰਾਬਤਾ ਕਾਇਮ ਕੀਤਾ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਮਾਤਾ ਨੂੰ ਇਸ ਤਸ਼ੱਦਦ ਤੋਂ ਬਚਾਇਆ ਗਿਆ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।