ਰੋਪੜ: ਜ਼ਿਲ੍ਹੇ ਦੇ ਕਸਬਾ ਸੋਲਖੀਆਂ ਵਿੱਚ ਸਥਿਤ ਟੋਲ ਪਲਾਜ਼ਾ ਵੱਲੋਂ ਓਵਰਲੋਡ ਦੇ ਨਾਮ ਉੱਤੇ ਟਰੱਕਾਂ ਅਤੇ ਕਮਰਸ਼ੀਅਲ ਵਾਹਨਾਂ ਦੀ ਹੋ ਰਹੀ ਤਿੰਨ ਗੁਣਾਂ ਲੁੱਟ ਨੂੰ ਪੰਜਾਬ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ। ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਤੋਂ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਟੋਲ ਪਲਾਜ਼ਿਆਂ ਉੱਤੇ ਹੋ ਰਹੀ ਨਜ਼ਾਇਜ ਲੁੱਟ ਬੰਦ ਕਰਵਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਰੋਪੜ-ਚੰਡੀਗੜ੍ਹ ਰੋਡ ਉੱਤੇ ਮੌਜੂਦ ਸੋਲਖੀਆਂ ਟੋਲ ਪਲਾਜ਼ਾ ਉੱਤੇ ਓਵਰਲੋਡਿੰਗ ਦੇ ਨਾਂ ਉੱਤੇ ਹੋ ਰਹੀ ਰੋਜ਼ਾਨਾ ਲੱਖਾਂ ਦੀ ਲੁੱਟ ਵੀ ਅੱਜ ਬੰਦ ਕਰਵਾਈ ਗਈ ਹੈ।
ਟਰੱਕ ਅਤੇ ਬੱਸ ਓਪਰੇਟਰਾਂ ਨੂੰ ਵੱਡੀ ਰਾਹਤ:ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਨਾਲ ਖਾਸ ਤੌਰ ਉੱਤੇ ਟਰੱਕ ਓਪਰੇਟਰਾਂ ਅਤੇ ਟਰਾਂਸਪੋਟਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਵਹੀਕਲ ਟਰਾਲਾ, ਟਰੱਕ, ਪਿੱਕ ਅਪ ਗੱਡੀਆਂ ਅਤੇ ਕੈਂਟਰ ਆਦਿ ਤੋਂ ਇਸ ਟੋਲ ਉੱਤੇ ਓਵਰਲੋਡਿੰਗ ਦੇ ਨਾਂ 'ਤੇ ਤਿੰਨ ਗੁਣਾ ਜ਼ਿਆਦਾ ਟੋਲ ਵਸੂਲਿਆ ਜਾ ਰਿਹਾ ਸੀ ਜੋ ਕਿ ਕਿਤੇ ਵੀ ਹੋਰ ਨਹੀਂ ਵਸੂਲਿਆ ਜਾਂਦਾ। ਇਸ ਨਜ਼ਾਇਜ ਲੁੱਟ ਨੂੰ ਅੱਜ ਰਾਤ 12 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ। ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਟੋਲ ਪਲਾਜ਼ੇ ਵਲੋਂ ਪਿਕ-ਅਪ ਗੱਡੀਆਂ ਤੋਂ ਜਿੱਥੇ 300 ਰੁਪਇਆ ਵਸੂਲ ਕੀਤਾ ਜਾਂਦਾ ਸੀ ਉਹ ਹੁਣ ਸਿਰਫ 100 ਰੁਪਏ ਲਿਆ ਜਾਵੇਗਾ ਅਤੇ ਟਰੱਕ ਓਪਰੇਟਰਾਂ, ਬੱਸਾਂ ਤੋਂ 585 ਰੁਪਏ ਲਏ ਜਾਂਦੇ ਸੀ ਉਹ ਹੁਣ 195 ਰੁਪਏ ਲਿਆ ਜਾਵੇਗਾ। 3 ਐਕਸ ਐੱਲ 4 ਐਕਸ ਐਲ ਐਮ ਏ ਵੀ ਅਤੇ ਓਵਰ ਸਾਈਜ਼ ਵਹੀਕਲਾਂ ਤੋਂ 945 ਦੀ ਜਗ੍ਹਾ, ਹੁਣ 315 ਰੁਪਏ ਵਸੂਲੇ ਜਾਣਗੇ।