ਰੋਪੜ: ਸਕਾਲਰਸ਼ਿਪ ਘੁਟਾਲੇ ਦੇ ਖਿਲਾਫ ਹੁਣ ਆਮ ਆਦਮੀ ਪਾਰਟੀ ਵੀ ਸੜਕਾਂ 'ਤੇ ਉੱਤਰ ਆਈ ਹੈ। ਸੋਮਵਾਰ ਨੂੰ ਰੋਪੜ ਦੇ ਸਿਵਲ ਸੈਕਟਰੀਏਟ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਸਕਾਲਰਸ਼ਿਪ ਘੁਟਾਲਾ- ਕੈਬਿਨੇਟ ਮੰਤਰੀ ਧਰਮਸੋਤ ਨੂੰ ਕੀਤਾ ਜਾਵੇ ਬਰਖ਼ਾਸਤ: ਆਮ ਆਦਮੀ ਪਾਰਟੀ
ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਰੋਪੜ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਡਾ. ਚਰਨਜੀਤ ਸਿੰਘ ਵੱਲੋਂ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੰਗ ਕੀਤੀ ਕਿ ਉਕਤ ਕੈਬਿਨੇਟ ਮੰਤਰੀ ਨੂੰ ਕੈਪਟਨ ਸਰਕਾਰ ਤੁਰੰਤ ਬਰਖਾਸਤ ਕਰੇ।
ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਡਾ. ਚਰਨਜੀਤ ਨੇ ਕਿਹਾ ਕਿ ਐਸਸੀ ਬੱਚਿਆਂ ਦੇ ਸਕਾਲਰਸ਼ਿਪ ਦੇ ਵਿੱਚ ਕੀਤੇ ਘੁਟਾਲੇ ਦੇ ਵਿਰੁੱਧ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਕਈ ਮੰਤਰੀ ਭ੍ਰਿਸ਼ਟਾਚਾਰ 'ਚ ਲਿਪਤ ਹਨ ਅਤੇ ਹੁਣ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਕਥਿਤ ਰੂਪ ਦੇ ਵਿੱਚ ਇਹ ਘੁਟਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੈਪਟਨ ਸਰਕਾਰ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕਰੇ।