ਰੋਪੜ: ਜ਼ਿਲ੍ਹੇ ਦੇ ਪਿੰਡ ਭੱਲੜੀ ਦੇ 23 ਸਾਲ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਖਸ਼ੀਸ ਸਿੰਘ ਦੀ ਦੁਬਈ 'ਚ ਸੜਕ ਹਾਦਸੇ ਕਾਰਨ ਦਰਦਨਾਕ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਨੌਜਵਾਨ ਕਰੀਬ ਡੇਢ ਸਾਲ ਪਹਿਲਾ ਬਤੌਰ ਟਰੱਕ ਡਰਾਈਵਰ ਵਿਦੇਸ਼ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੁਬਈ ਦੀ ਕਿਸੇ ਕੰਪਨੀ ਵਿੱਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਟਰੱਕ ਵਿੱਚ ਕੁਝ ਸਾਮਾਨ ਲੋਡ ਕਰ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਟਰੱਕ ਦੀ ਟੱਕਰ ਸੜਕ ਵਿਚਕਾਰ ਖੜ੍ਹੇ ਇੱਕ ਹੋਰ ਵਾਹਨ ਨਾਲ ਹੋ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਉਪਰੰਤ ਟਰੱਕ ਨੂੂੰ ਅੱਗ ਲੱਗ ਗਈ ਅਤੇ ਨੌਜਵਾਨ ਟਰੱਕ ਵਿੱਚ ਹੀ ਜ਼ਿੰਦਾ ਸੜ ਗਿਆ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਣ ਪਿੱਛੋਂ ਪਿੰਡ ਭੱਲੜੀ ਵਿੱਚ ਸੋਗ ਫੈਲ ਗਿਆ। ਮ੍ਰਿਤਕ ਦੇ ਵਾਰਿਸਾਂ ਵਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਇੱਕ ਦੋ ਦਿਨ ਦਾ ਸਮਾਂ ਲਗ ਸਕਦਾ ਹੈ।
ਪਿੰਡ ਵਿੱਚ ਸੋਗ ਦੀ ਲਹਿਰ:23 ਸਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਭੱਲੜੀ ਵਿੱਚ ਸੋਗ ਫੈਲ ਗਿਆ। ਪਿੰਡਵਾਸੀਆਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਬਹੁਤ ਵਧੀਆ ਸੁਭਾਅ ਦਾ ਮਾਲਿਕ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਇਸ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਘਾਲਣਾ ਘਾਲਣ ਤੋਂ ਬਾਅਦ ਇਹ ਨੌਜਵਾਨ ਰੋਜ਼ੀ ਦੀ ਭਾਲ ਵਿੱਚ ਦੁਬਈ ਅੰਦਰ ਡਰਾਈਵਰੀ ਕਰਨ ਲਈ ਗਿਆ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਪਰਿਵਾਰ ਦੀ ਮਦਦ ਕਰਨ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ।