ਰੂਪਨਗਰ: ਰੂਪਨਗਰ ਵਿੱਚ ਇੱਕ ਡੇਅਰੀ ਦੀ ਦੁਕਾਨ ਚਲਾਉਣ ਵਾਲੇ ਦੇ ਨਾਲ ਫਿਲਮੀ ਸਟਾਈਲ ਵਿੱਚ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਦੁਕਾਨਦਾਰ ਦੇ ਗੱਲੇ ਵਿੱਚ ਪਏ 55 ਹਜ਼ਾਰ ਰੁਪਏ ਦੇ ਕਰੀਬ ਐੱਨਆਰਆਈ ਬਣ ਕੇ ਆਏ ਜੋੜੇ ਨੇ ਕੱਢ ਲਏ ਅਤੇ ਰਫੂਚੱਕਰ ਹੋ ਗਏ।
ਦਰਅਸਲ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਡੇਅਰੀ ਦੀ ਦੁਕਾਨ ਕਰਨ ਵਾਲੇ ਇਕ ਦੁਕਾਨਦਾਰ ਦੇ ਕੋਲ ਬੀਤੀ ਸ਼ਾਮ ਮੱਧ ਪ੍ਰਦੇਸ਼ ਦੀ ਨੰਬਰ ਲੱਗੀ ਗੱਡੀ ਦੇ ਵਿੱਚ 50 ਤੋਂ 55 ਸਾਲ ਦਾ ਜੋੜਾ ਆਇਆ ਅਤੇ ਆ ਕੇ ਕਰੀਮ ਵਾਲਾ ਪੈਕਟ ਮੰਗ ਲੱਗੇ। ਇਸ ਤੋਂ ਬਾਅਦ ਜੋੜੇ ਵੱਲੋਂ ਦੁਕਾਨਦਾਰ ਨੂੰ ਡਾਲਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਦੁਕਾਨਦਾਰ ਮਨ੍ਹਾਂ ਕਰਦਾ ਹੈ ਤਾਂ ਉਹ ਭਾਰਤੀ ਬੰਦ ਹੋਈ ਪੁਰਾਣੀ ਕਰੰਸੀ ਦੇਣ ਲੱਗਦੇ ਹਨ। ਦੁਕਾਨਦਾਰ ਨੂੰ ਉਲਝਾ ਲੈਂਦੇ ਹਨ, ਇੰਨੇ ਵਿੱਚ ਦੁਕਾਨਦਾਰ ਦੇ ਗੱਲੇ ਵਿਚ ਪਏ 55 ਹਜ਼ਾਰ ਰੁਪਏ ਦੇ ਕਰੀਬ ਨੋਟਾਂ ਦੀ ਥੱਦੀ ਲੈ ਕੇ ਦੁਕਾਨ ਵਿੱਚੋਂ ਨਿਕਲ ਜਾਂਦੇ ਹਨ, ਜਦੋਂ ਤਕ ਦੁਕਾਨਦਾਰ ਆਪਣੇ ਨਾਲ ਹੋਈ ਠੱਗੀ ਬਾਰੇ ਕੁਝ ਸਮਝ ਪਾਉਂਦਾ, ਉਦੋਂ ਤੱਕ ਉਹ ਦੂਰ ਨਿਕਲ ਗਏ।
ਰੂਪਨਗਰ ਵਿੱਚ ਐਨਆਰਆਈ ਬਣ ਕੇ ਆਏ ਜੋੜੇ ਨੇ ਦੁਕਾਨਦਾਰ ਨੂੰ ਉਲਝਾ ਕੇ ਗੱਲੇ 'ਚੋਂ ਕੱਢੇ 55 ਹਜ਼ਾਰ ਰੁਪਏ, ਘਟਨਾ ਸੀਸੀਟੀਵੀ ਵਿੱਚ ਕੈਦ
ਰੂਪਨਗਰ ਵਿੱਚ ਡੇਅਰੀ ਚਲਾਉਣ ਵਾਲੇ ਇਕ ਵਿਅਕਤੀ ਨੂੰ ਇਕ ਐਨਆਰਆਈ ਬਣ ਕੇ ਆਏ ਜੋੜੇ ਨੇ ਗੱਲਾਂ ਵਿੱਚ ਉਲਝਾ ਲਿਆ ਤੇ ਗੱਲੇ ਵਿੱਚ ਪਏ ਕਰੀਬ 55 ਹਜ਼ਾਰ ਰੁਪਏ ਕੱਢ ਕੇ ਰਫੂਚੱਕਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਠੱਗੀ ਦਾ ਨਵਾਂ ਤਰੀਕਾ :ਜ਼ਿਕਰਯੋਗ ਹੈ ਕਿ ਠੱਗਾਂ ਵੱਲੋਂ ਆਏ ਦਿਨ ਭੋਲੇ-ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਅਖਤਿਆਰਿਆ ਜਾਂਦਾ ਹੈ। ਇਸ ਮਾਮਲੇ ਵਿੱਚ ਇੱਕ ਗੱਲ ਹੋਰ ਵੀ ਦੇਖਣ ਨੂੰ ਆਈ ਹੈ ਕਿ ਜਿੱਥੇ ਜ਼ਿਆਦਾਤਰ ਠੱਗੀਆਂ ਵੇਲੇ ਲੋਕ ਆਪਣਾ ਮੂੰਹ ਬੰਨ੍ਹਦੇ ਸਨ, ਪਰ ਇਸ ਠੱਗ ਜੋੜੇ ਵੱਲੋਂ ਦਿਨ ਦਿਹਾੜੇ ਅਤੇ ਸੀਸੀਟੀ ਕੈਮਰਿਆਂ ਦੇ ਸਾਹਮਣੇ ਇਹ ਠੱਗੀ ਮਾਰੀ ਗਈ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਬਹੁਤਾ ਡਰ ਨਹੀਂ ਹੈ।
ਪੁਲਿਸ ਨੇ ਕਬਜ਼ੇ ਵਿੱਚ ਲਿਆ ਸੀਸੀਟੀਵੀ ਰਿਕਾਰਡ :ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ CCTV ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਆਲੇ-ਦੁਆਲੇ ਦੀ ਵੀ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਠੱਗ ਜੋੜਾ ਕਿਸ ਪਾਸਿਓਂ ਆਇਆ ਹੈ ਅਤੇ ਕਿਸ ਪਾਸੇ ਨੂੰ ਠੱਗੀ ਮਾਰਨ ਤੋਂ ਬਾਅਦ ਗਿਆ ਹੈ।