ਸ੍ਰੀ ਅਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਇਕ ਅਜੀਬੋ ਗਰੀਬ ਘਟਨਾ ਦੇ ਤਹਿਤ ਨਿਹੰਗ ਸਿੰਘ ਦੇ ਬਾਣੇ ਵਿਚ ਆਏ ਹਰਿਆਣਾ ਦੇ ਪਾਣੀਪਤ ਨਾਲ ਸਬੰਧਤ ਇਕ ਵਿਅਕਤੀ ਨੇ ਮੱਥਾ ਟੇਕਣ ਉਪਰੰਤ ਬਾਹਰ ਆ ਕੇ ਆਪਣੇ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ। ਜਿਸ ਤੋਂ ਬਾਅਦ ਉੱਥੇ ਮੌਜੂਦ ਸੰਗਤ ਨੂੰ ਭਾਜੜਾਂ ਪੈ ਗਈਆਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲੀ ਗੋਲੀ ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੁੱਖ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਕੁਲਦੀਪ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਮਕਾਨ ਨੰਬਰ 606, ਹੁੱਡਾ ਕਲੌਨੀ, ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਕੁਲਦੀਪ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਹੋਇਆ ਸੀ। ਜਦੋਂ ਉਹ ਤਖ਼ਤ ਸਾਹਿਬ ਵਿਖੇ ਮੱਥਾ ਟੇਕ ਕੇ ਬਾਹਰ ਪਰਿਕਰਮਾਂ ਵਿਚ ਆਇਆ ਤਾਂ ਉਸਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਹਵਾਈ ਫਾਇਰ ਕਰ ਦਿੱਤਾ।
ਹਾਲਾਂਕਿ ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਕਿ ਗੋਲ਼ੀ ਚਲਾਉਣ ਪਿੱਛੇ ਉਸਦੀ ਕੋਈ ਗ਼ਲਤ ਮਨਛਾ ਨਹੀਂ ਸੀ ਅਤੇ ਉਸਨੇ ਕਿਹਾ ਹੈ ਕਿ ਗੁਰੂ ਨੂੰ ਸਲਾਮੀ ਦੇਣ ਲਈ ਉਸਨੇ ਗੋਲੀ ਚਲਾਈ ਹੈ ਪਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਧਾਰਮਿਕ ਅਸਥਾਨ ਹੈ, ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਇਸ ਕੋਝੀ ਕੌਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਸੁਖਬੀਰ ਬਾਦਲ ਦੀ ਗੱਡੀ 'ਤੇ ਜੁੱਤੀ ਮਾਰਨ ਦੀ ਵੀਡੀਓ ਵਾਈਰਲ
ਉਕਤ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਸਥਾਨਕ ਪੁਲਸ ਨੇ ਧਾਰਾ 336, 25/27-54-59 ਅਸਲਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਬਾਰੇ ਦੱਸਿਆ ਹੈ ਕਿ ਉਕਤ ਘਟਨਾ ਬੁਹਤ ਹੀ ਮੰਦਭਾਗੀ ਹੈ ਪਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਤੁਰੰਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਸਥਾਨਕ ਪੁਲਿਸ ਦੇ ਹਵਾਲੇ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਗਈ ਹੈ।