ਸ੍ਰੀ ਅਨੰਦਪੁਰ ਸਾਹਿਬ: ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ, ਸ੍ਰੀ ਅਨੰਦਪੁਰ ਸਾਹਿਬ 'ਚ ਹਰ ਸਾਲ ਮਨਾਏ ਜਾਂਦੇ ਹੋਲਾ-ਮੁਹੱਲਾ ਦੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੁੱਕੀਆਂ। ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ 'ਚ ਹੋਲੀ ਦਾ ਤਿਉਹਾਰ ਮਨਾਉਣ ਲਈ ਸੰਗਤ ਦੂਰ-ਦਰਾਡੇ ਤੋਂ ਨਤਮਸਤਕ ਹੋਣ ਪਹੁੰਚ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਆ ਕੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਰਹੀ ਹੈ।
ਜਾਣੋ ਕੀ ਹੈ ਹੋਲਾ-ਮੁਹੱਲਾ ਦਾ ਇਤਿਹਾਸ ? - ਹੋਲਾ-ਮੁਹੱਲਾ
ਸ੍ਰੀ ਅਨੰਦਪੁਰ ਸਾਹਿਬ 'ਚ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ 'ਚ ਹੋਲਾ-ਮੁਹੱਲਾ ਮਨਾਉਣ ਲਈ ਲੱਖਾਂ ਦੀ ਗਿਣਤੀ 'ਚ ਸੰਗਤ ਪਹੁੰਚ ਰਹੀ ਹੈ। ਮੰਗਲਵਾਰ ਨੂੰ ਨਿਹੰਗ ਸਿੰਘ ਵਿਸ਼ਾਲ ਨਗਰ ਕੀਰਤਨ 'ਚ ਆਪਣੇ ਜੌਹਰ ਵਿਖਾਉਣਗੇ।
ਉਧਰ ਹੀ ਪੂਰੇ ਭਾਰਤ ਤੋਂ ਨਿਹੰਗ ਫੌਜਾਂ ਵੀ ਇੱਥੇ ਇਕੱਠੀਆਂ ਹੋਈਆਂ ਹਨ। ਨਿਹੰਗ ਸਿੰਘਾਂ ਵੱਲੋਂ ਭਲਕੇ ਕੱਢੇ ਜਾਣ ਵਾਲੇ ਮੁਹੱਲੇ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਦੇ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੇ-ਮੁਹੱਲੇ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਕਿਹਾ ਸੀ ਕਿ " ਲੋਕਾਂ ਦੀ ਹੋਲੀ ਤੇ ਖਾਲਸੇ ਦਾ ਹੋਲਾ "। ਉਦੋਂ ਤੋਂ ਹੀ ਹਰ ਸਾਲ ਹੋਲੇ-ਮੁਹੱਲੇ ਤੇ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦੀ ਹੈ। ਇਸ ਦੇ ਨਾਲ ਹੀ ਗੁਰੂ ਦੀ ਲਾਡਲੀ ਫ਼ੌਜ ਆਪਣੀ ਪੂਰੇ ਜਲੌਅ ਵਿੱਚ ਅਸਤਰਾਂ-ਸ਼ਸਤਰਾਂ ਨਾਲ ਸੁਸ਼ੋਭਿਤ ਹੋ ਕੇ ਹੋਲੇ-ਮੁਹੱਲੇ ਲਈ ਇੱਥੇ ਆਉਂਦੀ ਹੈ। ਹੋਲੇ ਮਹੱਲੇ ਦੌਰਾਨ ਸਿੰਘਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਮੁਹੱਲੇ ਦੇ ਰੂਪ ਵਿੱਚ ਕੱਢਿਆ ਜਾਂਦਾ ਹੈ ਜਿਸ ਵਿੱਚ ਗੁਰੂ ਕੀ ਫੌਜ ਆਪਣੇ ਅਸਤਰਾਂ ਸ਼ਸਤਰਾਂ ਨਾਲ ਘੋੜਿਆਂ ਦੇ ਉੱਪਰ ਬੈਠ ਕੇ ਆਪਣੇ ਜੌਹਰ ਦਿਖਾਉਂਦੀ ਹੈ।