ਅਨੰਦਪੁਰ ਸਾਹਿਬ: ਸਰਕਾਰਾਂ ਵੱਲੋਂ ਪਿੰਡਾਂ ਨੂੰ ਮੂਲਭੂਤ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਲੋਕ ਸੁਵਿਧਾਵਾਂ ਨੂੰ ਤਰਸਦੇ ਰਹਿੰਦੇ ਹੈ। ਜੇਕਰ ਸਰਕਾਰਾਂ ਸੁਵਿਧਾਵਾਂ ਨਾ ਦੇਣ ਤਾਂ ਲੋਕ ਆਪ ਮੁਹਾਰੇ ਹੀ ਪ੍ਰਬੰਧ ਕਰ ਲੈਂਦੇ ਹਨ। ਜੇਕਰ ਗੱਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਚੰਦਪੁਰ ਬੇਲਾ ਦੀ ਤਾਂ ਕੀਤੀ ਜਾਵੇ ਤਾਂ ਇਹ ਪਿੰਡ ਸ਼ਹਿਰ ਤੋਂ 8-9 ਕਿਲੋਮੀਟਰ ਦੂਰ ਹੈ। ਇੱਥੇ ਦੇ ਪਿੰਡ ਵਾਸੀਆਂ ਨੂੰ ਆਉਣ-ਜਾਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਸੀ। ਇਸ ਮੁਸ਼ਕਲ ਨੂੰ ਦੇਖਦੇ ਹੋਏ ਪਿੰਡ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸੇਵਾ ਸੁਸਾਇਟੀ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ ਇੱਕ ਇਲੈਕਟ੍ਰਿਕ ਆਟੋ ਚਲਾਇਆ ਹੈ। ਜੋ ਕਿ ਮੁਫ਼ਤ ਹੀ ਪਿੰਡ ਵਾਸੀਆਂ ਨੂੰ ਲੈ ਕੇ ਆਉਂਦਾ ਜਾਂਦਾ ਹੈ।
ਸੇਵਾ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਇੱਥੇ ਆਉਣ ਜਾਣ ਲਈ ਕਿਸੇ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ। ਗਰਮੀ, ਸਰਦੀ ਅਤੇ ਵਰਖਾ ਦੇ ਦਿਨਾਂ ਵਿੱਚ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਖਾਸੀ ਦਿਕੱਤ ਦਾ ਸਾਹਮਣਾ ਕਰਨਾ ਪੈਂਦਾ ਸੀ। ਬਜ਼ੁਰਗ ਮਹਿਲਾ ਬੱਚੇ ਸਭ ਪੈਦਲ ਹੀ ਜਾਂਦੇ ਸੀ।