ਰੂਪਨਗਰ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਰੂਪਨਗਰ ਵਿੱਚ ਬੀਤੇ ਦਿਨ ਦੁਪਹਿਰ ਤੋਂ ਹੀ ਲਗਾਤਾਰ ਕਰਫਿਊ ਜਾਰੀ ਹੈ।
ਰੂਪਨਗਰ ਵਿੱਚ ਕਰਫਿਊ ਦੌਰਾਨ 600 ਪੁਲਿਸ ਅਧਿਕਾਰੀ ਕਰ ਰਹੇ ਡਿਊਟੀ ਰੂਪਨਗਰ ਦੇ ਐਸਐਸਪੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਖ਼ਤੀ ਨਾਲ ਕਰਫ਼ਿਊ ਨੂੰ ਲਾਗੂ ਕਰ ਦਿੱਤਾ ਗਿਆ ਹੈ। ਕਰਫਿਊ ਦੌਰਾਨ 600 ਦੇ ਕਰੀਬ ਪੁਲਿਸ ਅਧਿਕਾਰੀ ਡਿਊਟੀ ਉੱਤੇ ਲਗਾਏ ਗਏ ਹਨ। ਇਸ ਤੋਂ ਇਲਾਵਾ ਗਸ਼ਤ ਪਾਰਟੀਆਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ 23 ਪੁਲਿਸ ਨਾਕੇ ਲਗਾਏ ਗਏ ਹਨ।
ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਸਕ ਅਤੇ ਦਸਤਾਨੇ ਦਿੱਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰਫ਼ਿਊ ਦੇ ਦੌਰਾਨ ਬਾਹਰ ਨਾ ਨਿਕਲਣ ਨਹੀਂ ਤਾਂ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਐਸਐਸਪੀ ਨੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਜੇਕਰ ਉਨ੍ਹਾਂ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੈਲਪਲਾਈਨ ਨੰਬਰਾਂ ਉੱਤੇ ਸੰਪਰਕ ਕਰਨ ਅਤੇ ਵਿਦੇਸ਼ ਤੋਂ ਆਏ ਕੋਰੋਨਾ ਦੇ ਸ਼ੱਕੀ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ।