ਰੂਪਨਗਰ: ਕੱਲ੍ਹ 6 ਮਈ 2023 ਤੋਂ ਸਮੂਹ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਸਿੰਘ ਕੁਲਰੀਆਂ ਅਤੇ ਰਸਪਾਲ ਜਲਾਲਾਬਾਦ ਦੀ ਅਗਵਾਈ ਹੇਠ ਸਕੂਲਾਂ ਵਿੱਚ ਜੋਇਨਿੰਗ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ (ਸ੍ਰੀ ਆਨੰਦਪੁਰ ਸਾਹਿਬ) ਵਿਖੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ ਸੀ। 6 ਮਈ ਦੀ ਰਾਤ ਨੂੰ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ 4161 ਯੂਨੀਅਨ ਸੰਘਰਸ਼ ਦੇ ਮੈਦਾਨ ਵਿੱਚ ਡੱਟੀ ਰਹੀ। ਜਿਸ ਤਹਿਤ ਅੱਜ ਐਤਵਾਰ ਨੂੰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਘਰ ਤੱਕ ਰੋਸ ਮਾਰਚ ਵੀ ਕੀਤਾ ਗਿਆ।
ਇਸ ਦੌਰਾਨ ਹੀ ਗੱਲਬਾਤ ਕਰਦਿਆ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਕੁਲਰੀਆਂ ਤੇ ਰਾਜਪਾਲ ਜਲਾਲਾਬਾਦ ਵੱਲੋ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੱਲ੍ਹ ਮਿਤੀ 8-05-2023 ਦੇ ਸ਼ਾਮ 3 ਵਜੇ ਤੱਕ ਸਾਨੂੰ ਸਕੂਲਾਂ ਵਿੱਚ ਭੇਜਣ ਲਈ ਕੋਈ ਵੀ ਕਦਮ ਨਾ ਚੁੱਕੇ ਹੈ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਸਿਰਫ਼ ਪ੍ਰਸ਼ਾਸ਼ਨ ਤੇ ਸਰਕਾਰ ਹੋਵੇਗੀ।
ਉਹਨਾਂ ਕਿਹਾ ਕਿ ਇਹ ਉਹੀ ਸਰਕਾਰ ਹੈ, ਜੋ ਵੋਟਾਂ ਵਿੱਚ ਆਉਣ ਤੋਂ ਪਹਿਲਾਂ ਇਕੋ ਇਕ ਵਾਅਦਾ ਕਰ ਰਹੀ ਸੀ ਕਿ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦਿੱਤਾ। ਪਰ ਅੱਜ ਪੰਜਾਬ ਦੀ ਜਵਾਨੀ ਸਾਰੇ ਪੇਪਰ ਪਾਸ ਕਰਕੇ ਸੜਕਾਂ ਉੱਤੇ ਰੁੱਲ ਰਹੀ ਹੈ। ਯੂਨੀਅਨ ਨੇ ਦੱਸਿਆ ਕਿ ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਸੇ ਹਫ਼ਤੇ 4161 ਭਰਤੀ ਹੋਏ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੋਇਨਿੰਗ ਕਰਵਾਇਆ ਜਾਵੇ।
ਜਿੱਥੇ ਇਹ ਵਰਣਨ ਯੋਗ ਹੈ ਕਿ ਪਿਛਲੇ ਦਿਨੀਂ 30 ਅਪ੍ਰੈਲ 2023 ਨੂੰ ਸਤਿਕਾਰਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਦੁਆਰਾ EM ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਸਿੱਖਿਆ ਮੰਤਰੀ ਜੀ ਨੇ ਪੱਕਾ ਭਰੋਸਾ ਦਿੱਤਾ ਸੀ ਕਿ ਮਈ ਦੇ ਪਹਿਲੇ ਹਫਤੇ ਦੇ ਦਿਨ ਸੁੱਕਰਵਾਰ ਤੱਕ 4161 ਮਾਸਟਰ ਕੇਡਰ ਦੇ ਭਰਤੀ ਹੋਏ ਉਮੀਦਵਾਰਾਂ ਨੂੰ ਟ੍ਰੇਨਿੰਗ ਲਗਾਕੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ।