ਰੂਪਨਗਰ: ਜ਼ਿਲ੍ਹੇ 'ਚ ਕਰਵਾਏ ਗਏ ਅਧਿਆਪਕਾਂ ਦੇ ਸਨਮਾਨ ਸਮਾਰੋਹ 'ਚ ਪੰਜਾਬ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਸਮਾਗਮ 'ਚ ਜ਼ਿਲ੍ਹੇ ਨਾਲ ਸਬੰਧਤ ਸੌ ਫੀਸਦੀ ਨਤੀਜਾ ਦੇਣ ਵਾਲੇ ਅਤੇ ਸਮਾਰਟ ਸਕੂਲ ਬਨਾਉਣ ਵਾਲੇ ਲਗਭੱਗ 1400 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਕ੍ਰਿਸ਼ਨ ਕੁਮਾਰ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ , ਸਕੂਲ ਮੁਖੀ ਅਤੇ ਅਧਿਕਾਰੀ ਵਰਗ ਸਕੂਲੀ ਸਿੱਖਿਆ ਨੁੰ ਮਿਆਰੀ ਅਤੇ ਗੁਣਾਤਮਕ ਬਣਾਉਣ ਲਈ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਹੀ ਵਧੀਆ ਅਤੇ ਸੌ ਫੀਸਦੀ ਰਹੇ ਹਨ। ਇਸ ਕਾਰਜ ਲਈ ਸਮੂਚਾ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।
ਕ੍ਰਿਸ਼ਨ ਕੁਮਾਰ ਨੇ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਹੋਰ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ ਤਾਂ ਜੋ ਇੰਨਾਂ ਨਤੀਜਿਆਂ ਨੂੰ ਭਵਿੱਖ ਵਿੱਚ ਮਿਆਰੀ ਬਣਾ ਕੇ ਨਿਰੰਤਰਤਾ ਦਿੱਤੀ ਜਾ ਸਕੇ। ਉਨ੍ਹਾਂ ਅਧਿਆਪਕਾਂ ਨੂੰ ਹਰ ਜਮਾਤ ਲਈ ਈ ਕੰਟੈਂਟ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਈ ਕੰਟੈਂਟ ਦੀ ਵਰਤੋਂ ਨਾਲ ਵਿਦਿਆਰਤੀਆਂ ਨੂੰ ਨਵੀਂ ਤਕਨੀਕ ਨਾਲ ਜੋੜਿਆ ਜਾ ਸਕੇਗਾ।