ਸ੍ਰੀ ਅਨੰਦਪੁਰ ਸਾਹਿਬ:ਅੱਜ ਟਰਾਂਸਪੋਰਟ ਸੁਸਾਇਟੀ ਦੇ ਸੈਂਕੜੇ ਟਰੱਕ ਮਾਲਕਾਂ ਦਾ ਇੱਕ ਭਾਰੀ ਇਕੱਠ ਪਿੰਡ ਬੱਢਲ ਦੇ ਜੀ ਟੀ ਰੋਡ ਤੇ ਬਣੇ ਗੇਟ ਕੋਲ ਹੋਇਆ। ਜਿਸ ਵਿੱਚ ਮੌਜੂਦਾ ਟਰਾਂਸਪੋਰਟ ਸੁਸਾਇਟੀ ਵਲੋਂ ਸੁਸਾਇਟੀ ਨੂੰ ਖਤਮ ਕਰਨ ਦੀਆਂ ਚਾਲਾਂ ਦਾ ਡੱਟ ਕੇ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ‘ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਟਰੱਕ-ਟੈਂਕਰ ਮਾਲਕਾਂ ਨੇ ਕਿਹਾ ਕਿ ਨੰਗਲ ਵਿਖੇ ਸਥਿਤ ਪੰਜਾਬ ਅਲਕੀਲਜ ਕੈਮੀਕਲਜ ਲਿਮ. ਦੇ ਮਾਲ ਦੀ ਉਹ ਢੋਹ ਢੁਹਾਈ ਸੰਨ 1984 ਤੋਂ ਲਗਾਤਾਰ ਕਰਦੇ ਆ ਰਹੇ ਹਨ। ਪਰ ਹੁਣ ਫੈਕਟਰੀ ਵਿਕਣ ਤੋਂ ਬਾਅਦ ਮੈਨੇਜਮੈਂਟ ਨੇ ਆਪਣੇ ਵੱਡੇ ਟਰਾਲੇ ਪਾ ਲਏ। ਜਿਸ ਦੇ ਕਾਰਨ ਸਥਾਨਕ ਸੁਸਾਇਟੀ ਨੂੰ ਕੰਮ ਦੇਣਾ ਘੱਟ ਕਰ ਦਿੱਤਾ ਹੈ। ਹਲਕਾ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਬਣਾਈ ਕਮੇਟੀ ਪੀ ਏ ਸੀ ਐਲ ਬਾਹਰਲੀਆਂ ਗੱਡੀਆਂ ਰੋਕਣ ਦਾ ਕੋਈ ਉਪਰਾਲਾ ਨਹੀਂ ਕਰ ਰਹੀ ਹੈ ਸਗੋਂ ਪੀ ਏ ਸੀ ਐਲ ਦੇ ਹੱਕ ਵਿੱਚ ਹੀ ਗੱਲਾਂ ਕਰਦੀ ਹੈ ਜਦਕਿ ਦੂਜੇ ਪਾਸੇ ਅਸਲੀਅਤ ਇਹ ਹੈ ਟਰੱਕ ਟੈਂਕਰਾ ਨੂੰ ਕੰਮ ਨਾ ਮਿਲਣ ਕਰਕੇ ਮਾਲਕਾਂ ਦੇ ਗੁਜ਼ਾਰੇ ਔਖੇ ਹੋ ਗਏ ਹਨ।