ਸ੍ਰੀ ਅਨੰਦਪੁਰ ਸਾਹਿਬ: ਹਾਈਡਲ ਚੈਨਲ ਨਹਿਰ ਜੋ ਨੰਗਲ ਤੋਂ ਕੀਰਤਪੁਰ ਸਾਹਿਬ ਵੱਲ ਆਉਂਦੀ ਹੈ, ਜਿਸ 'ਤੇ ਬਣੇ ਪੁਲਾਂ ਦੀ ਹਾਲਤ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ। ਕਈ ਪੁਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਨਹਿਰ ਦੇ ਦੋਵੇਂ ਪਾਸੇ ਬਣੀਆਂ ਸਲੈਬਾਂ 'ਤੇ ਵੀ ਵੱਡੇ ਦਰਖ਼ਤ ਖੜੇ ਹਨ, ਜਿਸ ਨਾਲ ਨਹਿਰ ਦੀਆਂ ਸਲੈਬਾਂ ਖਿਸਕਣ ਦਾ ਖ਼ਤਰਾ ਹੈ ਉਥੇ ਹੀ ਸੜਕੀ ਹਾਦਸੇ ਹੋਣ ਦਾ ਵੀ ਖ਼ਤਰਾ ਬਣਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਕਿ ਰੇਲਿੰਗ ਟੁੱਟਣ ਕਾਰਨ ਕਈ ਹਾਦਸੇ ਹੋਣ ਦਾ ਖ਼ਤਰਾ ਹੈ, ਕਿਉਂਕਿ ਰੋਜ਼ਾਨਾ ਉਹ ਤੇ ਉਨ੍ਹਾਂ ਦੇ ਬੱਚੇ ਇਨਾਂ ਰਸਤਿਆਂ ਤੋਂ ਗੁਜ਼ਰਦੇ ਹਨ, ਜਿਸ ਕਾਰਨ ਹਰ ਸਮੇਂ ਉਨ੍ਹਾਂ ਦੇ ਮਨਾਂ 'ਚ ਡਰ ਰਹਿੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਰੇਲਿੰਗ ਟੁੱਟੀ ਹੋਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਜਿਨ੍ਹਾਂ 'ਚ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਹੈ ਕਿ ਪੁਲਾਂ ਦੀ ਅਤੇ ਰੇਲਿੰਗ ਦੀ ਮੁਰੰਮਤ ਕੀਤੀ ਜਾਵੇ ਅਤੇ ਨਹਿਰ ਦੇ ਆਲੇ-ਦੁਆਲੇ ਸਫ਼ਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ।