ਪਟਿਆਲਾ : ਪਟਿਆਲਾ ਦੇ ਮੋਤੀ ਮਹਿਲ (Moti Mahal) ਦਾ ਘਿਰਾਓ ਕਰਨ ਜਾ ਰਹੇ ਸਾਂਝਾ ਅਧਿਆਪਕ ਮੋਰਚਾ ਉਪਰ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕਰਦਿਆਂ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ। ਪੁਲਿਸ ਨੇ ਮਹਿਲਾ ਅਧਿਆਪਕਾ ਨੂੰ ਘੜੀਸ-ਘੜੀਸ ਕੇ ਬੱਸਾਂ 'ਚ ਤੂੜੀ ਵਾਂਗ ਤੁਨਿੰਆ। ਪੁਲਿਸ ਦੀ ਇਸ ਕਾਰਵਾਈ ਦੌਰਾਨ ਕਈ ਅਧਿਆਪਕਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਛਾਂਗਿਆ।
ਪੁਲਿਸ ਅਤੇ ਅਧਿਆਪਕਾਂ ਵਿਚਾਲੇ ਕਾਫੀ ਝੜਪ ਦੇਖਣ ਨੂੰ ਮਿਲੀ
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਧਿਆਪਕ ਜਥੇਬੰਦੀਆਂ 'ਸਾਂਝਾ ਅਧਿਆਪਕ ਮੋਰਚਾ' ਦੇ ਬੈਨਰ ਹੇਠ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਇਸੇ ਦੇ ਚਲਦੇ ਅੱਜ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਲ ਮਾਰਚ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਮੋਤੀ ਮਹਿਲ ਦੇ ਬਾਹਰ ਭਾਰੀ ਪੁਲਿਸ ਫੋਰਸ ਲਾਠੀਆਂ ਡੰਡੇ ਲੈ ਕੇ ਤੈਨਾਤ ਸੀ। ਜਦੋਂ ਅਧਿਆਪਕ ਮੋਤੀ ਮਹਿਲ ਅੱਗੇ ਪਹੁੰਚੇ ਤਾਂ ਪੁਲਿਸ ਦੁਆਰਾ ਅਧਿਆਪਕਾਂ ਦੇ ਉੱਪਰ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਅਧਿਆਪਕਾਂ ਨੂੰ ਘੜੀਸ ਘੜੀਸ ਕੇ ਬੱਸਾਂ ਵਿੱਚ ਸੁੱਟਿਆ ਗਿਆ। ਇਨ੍ਹਾਂ 'ਚ ਮਹਿਲਾ ਅਧਿਆਪਕਾ ਵੀ ਸ਼ਾਮਿਲ ਸਨ। ਇਸ ਮੌਕੇ ਤੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਕਾਫੀ ਝੜਪ ਦੇਖਣ ਨੂੰ ਮਿਲੀ।