ਪਟਿਆਲਾ-ਲੁਧਿਆਣਾ: 18 ਮਾਰਚ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨ ਦੇ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਜੰਗੀ ਪੱਧਰ ਉੱਤੇ ਐਕਸ਼ਨ ਉਲੀਕਿਆ ਸੀ ਅਤੇ ਇਸ ਦੌਰਾਨ ਅੰਮ੍ਰਿਤਪਾਲ ਪੁਲਿਸ ਦੇ ਮੁਤਾਬਿਕ ਬਚ ਕੇ ਨਿਕਲ ਗਿਆ ਅਤੇ ਹੁਣ ਪੁਲਿਸ ਦੀ ਜਾਂਚ ਦੌਰਾਨ ਲੁਧਿਆਣਾ ਅਤੇ ਪਟਿਆਲਾ ਤੋਂ ਕ੍ਰਮਵਾਰ ਤਸਵੀਰਾਂ ਅਤੇ ਸੀਸੀਟਵੀ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਸਾਫ਼ ਅੰਦਾਜ਼ਾ ਮਿਲ ਰਿਹਾ ਹੈ ਕਿ 18 ਤੋਂ ਲੈਕੇ 20 ਮਾਰਚ ਤੱਕ ਅੰਮ੍ਰਿਤਪਾਲ ਪੰਜਾਬ ਵਿੱਚ ਹੀ ਰੂਪ ਬਦਲ ਕੇ ਘੁੰਮ ਰਿਹਾ ਸੀ ਅਤੇ ਪੰਜਾਬ ਤੋਂ ਫਰਾਰ ਹੋਣ ਵਿੱਚ ਉਸ ਦੀ ਮਦਦ ਪਪਲਪ੍ਰੀਤ ਸਿੰਘ ਅਤੇ ਬਲਜੀਤ ਕੌਰ ਨੇ ਕੀਤੀ।
ਸਾਥੀਆਂ ਨੇ ਕੀਤੀ ਮਦਦ: ਦੱਸ ਦਈਏ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਲੁਧਿਆਣਾ ਰੋਡ 'ਤੇ ਦੇਖਿਆ ਗਿਆ ਹੈ। 18 ਮਾਰਚ ਦੀ ਰਾਤ ਦਾ ਉਸ ਦਾ ਸੀਸੀਟੀਵੀ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਪਪਲਪ੍ਰੀਤ ਨਾਲ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਸੜਕ 'ਤੇ ਨਜ਼ਰ ਆਇਆ। ਦੱਸਿਆ ਜਾ ਰਿਹਾ ਹੈ ਕਿ ਫਿਲੌਰ ਤੋਂ ਉਹ ਸਕੂਟੀ ਸਵਾਰ ਤੋਂ ਲਿਫਟ ਲੈ ਕੇ ਲਾਡੋਵਾਲ ਦੀ ਕੱਚੀ ਸੜਕ 'ਤੇ ਪਹੁੰਚ ਗਿਆ। ਇੱਥੇ ਵੀ ਉਹ ਸੀਸੀਟੀਵੀ ਕੈਮਰਿਆਂ ਵਿੱਚ ਵੀ ਨਜ਼ਰ ਆ ਚੁੱਕਾ ਹੈ। ਸੀਸੀਟੀਵੀ ਵਿੱਚ ਉਸ ਦੇ ਨਾਲ ਇੱਕ ਤੀਸਰਾ ਵਿਅਕਤੀ ਵੀ ਨਜ਼ਰ ਆਇਆ, ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਲਾਡੋਵਾਲ ਤੋਂ ਜਲੰਧਰ ਬਾਈਪਾਸ ਲਈ ਆਟੋ ਲਿਆ, ਇੱਥੋਂ ਉਹ ਆਟੋ ਲੈ ਕੇ ਸ਼ੇਰਪੁਰ ਚੌਂਕ ਗਿਆ। ਸ਼ੇਰਪੁਰ ਚੌਕ 'ਤੇ ਅੰਮ੍ਰਿਤਪਾਲ ਦਾ ਪਾਪਲਪ੍ਰੀਤ ਨਾਲ ਬੱਸ ਦੇ ਨੇੜੇ ਜਾ ਰਿਹਾ ਵੀਡੀਓ ਸਾਹਮਣੇ ਆਇਆ ਹੈ।