ਪਟਿਆਲਾ:ਜਿਲ੍ਹੇ ’ਚ ਪਏ ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮਾਨਸੂਨ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਗੱਲ ਆਖੀ ਜਾਂਦੀ ਹੈ ਪਰ ਇਸਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਅਜਿਹਾ ਹੀ ਹਾਲ ਸ਼ਾਹੀ ਸ਼ਹਿਰ ਪਟਿਆਲਾ ਚ ਦੇਖਣ ਨੂੰ ਮਿਲਿਆ ਜਿੱਥੇ ਸੜਕਾਂ ’ਤੇ ਮੀਂਹ ਦਾ ਪਾਣੀ ਜਮਾ ਹੋਣ ਕਾਰਨ ਲੋਕਾਂ ਦੇ ਵਾਹਨ ਡੁੱਬ ਗਏ। ਇੱਥੇ ਤੱਕ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਦੇ ਚਾਂਦਨੀ ਚੌਂਕ ਚ ਥੋੜੀ ਜਿਹੀ ਪਈ ਮੀਂਹ ਕਾਰਨ ਹਰ ਥਾਂ ’ਤੇ ਗੋਢੇ ਗੋਢੇ ਪਾਣੀ ਖੜ੍ਹ ਗਿਆ। ਪਾਣੀ ਚੋਂ ਪੈਦਲ ਯਾਤਰੀਆਂ ਅਤੇ ਵਾਹਨ ਸਵਾਰਾਂ ਨੂੰ ਲੰਘਣਾ ਕਾਫੀ ਔਖਾ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਥੋੜੀ ਜਿਹੀ ਮੀਂਹ ਪੈਣ ਕਾਰਨ ਥਾਂ ਥਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ। ਮੀਂਹ ਦੇ ਪਾਣੀ ਦੀ ਕੋਈ ਵੀ ਨਿਕਾਸੀ ਨਹੀਂ ਹੈ ਜਿਸ ਦਾ ਖਾਮੀਆਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।