ਨਾਭਾ: ਬਲਾਕ ਦੇ ਪਿੰਡ ਲੁਬਾਣਾ ਕਰਮੂ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਨੇੜੇਓ ਲੰਘਦੇ ਸੂਏ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੀ ਮੁੱਢਲੀ ਪੜਤਾਲ ਵਿੱਚ ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਅਮਲੋਹ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਾਭਾ ਵਿਖੇ ਭੇਜ ਦਿੱਤਾ ਗਿਆ ਹੈ।
ਨਾਭਾ ਨੇੜੇ ਸੂਏ ਦੇ ਕੰਢੇ ਤੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਕਰ ਰਹੀ ਹੈ ਜਾਂਚ
ਨਾਭਾ ਨੇੜੇ ਪਿੰਡ ਲੁਬਾਣਾ ਕਰਮੂ ਵਿੱਚੋਂ ਲੰਘਦੇ ਸੂਏ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 23 ਸਾਲਾਂ ਦੇ ਗੁਰਵਿੰਦਰ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮ੍ਰਿਤਕ ਗੁਰਵਿੰਦਰ ਦੇ ਦੋਸਤ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 23 ਸਾਲ ਸੀ ਅਤੇ ਉਸ ਦਾ ਪਿਤਾ ਅਤੇ ਭਰਾ ਇੰਗਲੈਂਡ ਰਹਿੰਦੇ ਹਨ। ਘਰ ਵਿੱਚ ਹੁਣ ਪਿੱਛੇ ਇਕੱਲੀ ਮਾਂ ਹੀ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਬੀਤੀ ਕੱਲ੍ਹ ਸ਼ਾਮ ਚਾਰ ਵਜੇ ਤੋਂ ਘਰ ਨਹੀਂ ਸੀ ਆਇਆ ਅਤੇ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ। ਜਦੋਂ ਅਸੀਂ ਨਾਭਾ ਨਜ਼ਦੀਕ ਪਹੁੰਚੇ ਤਾਂ ਉਸ ਦੀ ਲਾਸ਼ ਮਿਲੀ। ਜਦੋਂ ਕਿ ਰਾਤ ਨੂੰ ਅਸੀਂ ਫ਼ੋਨ ਕਰਦੇ ਰਹੇ ਫੋਨ ਕੱਟਦਾ ਰਿਹਾ ਅਤੇ ਹੁਣ ਉਸ ਕੋਲ ਮੋਬਾਈਲ ਵੀ ਨਹੀਂ ਮਿਲਿਆ ਹੈ। ਦੋਸਤ ਨੇ ਕਿਹਾ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਗੁਰਵਿੰਦਰ ਦਾ ਕਤਲ ਹੋਇਆ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਫੋਨ ਟਰੇਸਿੰਗ ਦੇ ਜ਼ਰੀਏ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਹ ਵੀ ਪਤਾ ਲਗਾਇਆ ਜਾਵੇ ਕਿ ਇੱਥੇ ਕਿਵੇਂ ਪਹੁੰਚਿਆ ਅਤੇ ਇਸ ਦੀ ਮੌਤ ਕਿਵੇਂ ਹੋਈ।
ਇਸ ਮੌਕੇ ਥਾਣਾ ਸਦਰ ਦੇ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਇਸ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਇਸ ਦਾ ਪਤਾ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ।