ਪਟਿਆਲਾ: ਜਿੱਥੇ ਪੂਰੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਤੀਜ ਦਾ ਤਿਉਹਾਰ ਮਣਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਪਟਿਆਲਾ 'ਚ ਵੀ ਤੀਜ ਦੇ ਤਿਉਹਾਰ ਦੀਆਂ ਧੂਮਾਂ ਪੈਂਦੀਆਂ ਦੇਖੀਆਂ ਗਈਆਂ। ਸ਼ਾਹੀ ਸ਼ਹਿਰ ਪਟਿਆਲਾ ਦੇ ਇੱਕ ਸਕੂਲ 'ਚ ਵੱਖਰੇ ਅੰਦਾਜ਼ 'ਚ ਤੀਆਂ ਦਾ ਤਿਉਹਾਰ ਮਣਾਇਆ ਗਿਆ। ਸਕੂਲ 'ਚ ਮਣਾਏ ਗਏ ਤੀਆਂ ਦੇ ਪ੍ਰੋਗਰਾਮ 'ਚ 25 ਮੁਲਕਾਂ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ 'ਚ ਪੰਜਾਬੀ ਸੱਭਿਆਚਾਰ ਨਾਲ ਜੁੜੇ ਹਰ ਪੱਖ ਨੂੰ ਦਿਖਾਇਆ ਗਿਆ। ਪੰਜਾਬੀਆਂ ਦਾ ਰਹਿਣ ਸਹਿਣ, ਖਾਣ-ਪੀਣ, ਮਹਿੰਦੀ ਲੱਗੇ ਹੱਥ, ਲੋਕ ਨਾਚ, ਲੋਕ ਗੀਤਾਂ ਨੇ ਪ੍ਰੋਗਰਾਮ ਵਿੱਚ ਚਾਰ ਚੰਨ ਲਾਏ।
ਪ੍ਰੋਗਰਾਮ 'ਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਏਡੀਜੀਪੀ ਅਰਪਿਤ ਸ਼ੁਕਲਾ ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਸਕੂਲ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ। ਏਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਕੂਲ ਵੱਲੋਂ ਵਿਸ਼ਵ ਪੱਧਰ 'ਤੇ ਮਣਾਇਆ ਜਾ ਰਿਹਾ ਤੀਜ ਦਾ ਤਿਉਹਾਰ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣ ਦਾ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਆਪਣੇ ਦੇਸ਼ ਦੇ ਵਿਦਿਆਰਥੀਆਂ ਦੇ ਨਾਲ-ਨਾਲ ਦੂਸਰੇ ਦੇਸ਼ਾਂ ਦੇ ਬੱਚਿਆਂ ਨੂੰ ਵੀ ਪੰਜਾਬ ਦੇ ਇਸ ਅਮੀਰ ਸੱਭਿਆਚਾਰ ਅਤੇ ਇਤਿਹਾਸ ਬਾਰੇ ਪਤਾ ਲੱਗੇਗਾ।