ਪਟਿਆਲਾ: ਪੜ੍ਹੋ ਪੰਜਾਬ ਦਾ ਵਿਰੋਧ ਕਰ ਰਹੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੇ ਰੋਸ ਵਜੋਂ ਬੀਤੀ ਦੇਰ ਰਾਤ ਤੱਕ ਪਟਿਆਲਾ 'ਚ ਅਧਿਆਪਕਾਂ ਨੇ ਵਿਰੋਧ ਕੀਤਾ। ਉਨ੍ਹਾਂ ਡੀਈਓ ਸਮੇਤ 20 ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਹੀ ਬੰਦ ਰੱਖਿਆ ਅਤੇ ਤਾਲਾ ਲਗਾ ਦਿੱਤਾ।
ਜ਼ਿਕਰਯੋਗ ਹੈ ਕਿ ਸਕੂਲਾਂ ਅੰਦਰ ਅਧਿਆਪਕਾਂ ਵੱਲੋਂ ਸਰਕਾਰ ਦੀ ਪੜ੍ਹੋ ਪੰਜਾਬ ਦੀ ਨੀਤੀ ਨੂੰ ਗਲਤ ਦੱਸ ਕੇ ਅਧਿਆਪਕਾਂ ਵੱਲੋਂ ਇਸ ਦੇ ਅਧੀਨ ਬੱਚਿਆਂ ਦੀ ਟੈਸਟਿੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਜਦੋਂ ਟੈਸਟਿੰਗ ਲਈ ਸਿੱਖਿਆ ਅਧਿਕਾਰੀ ਸਕੂਲ ਅੰਦਰ ਟੈਸਟਿੰਗ ਲਈ ਗਏ ਤਾਂ ਅਧਿਆਪਕਾਂ ਨੇ ਇਸ ਦਾ ਵਿਰੋਧ ਕੀਤਾ। ਇਸ 'ਤੇ ਡੀਈਓ ਪ੍ਰਾਈਮਰੀ ਕੋਮਲ ਕੁਮਾਰੀ ਨੇ ਸਖ਼ਤ ਕਾਰਵਾਈ ਕਰਦਿਆਂ 6 ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਤੇ ਕਈ ਅਧਿਆਪਕਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ।
ਇਸਦੇ ਚਲਦਿਆਂ ਅਧਿਆਪਕਾਂ ਰੋਸ ਵਜੋਂ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸਕੂਲ 'ਚ ਡੀ ਈ ਓ ਸਣੇ 20 ਅਧਿਕਾਰੀਆਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਕੂਲ ਅੰਦਰ ਹੀ ਬੰਦ ਰੱਖਿਆ ਅਤੇ ਸਕੂਲ ਨੂੰ ਤਾਲਾ ਮਾਰ ਦਿੱਤਾ। ਅਧਿਆਪਕਾਂ ਦਾ ਕਹਿਣਾ ਸੀ ਕਿ ਉਦੋਂ ਤੱਕ ਸਕੂਲ ਵਿੱਚੋਂ ਕੋਈ ਬਾਹਰ ਨਹੀਂ ਜਾਵੇਗਾ ਜਦੋਂ ਤੱਕ ਅਧਿਆਪਕਾਂ ਦੀਆਂ ਕੀਤੀਆਂ ਜ਼ਬਰੀ ਬਦਲੀਆਂ ਵਾਪਸ ਨਹੀਂ ਲਾਈਆਂ ਜਾਂਦੀਆਂ ਅਤੇ ਰੱਦ ਕੀਤੀਆਂ ਛੁੱਟੀਆਂ ਦਾ ਫ਼ੈਸਲਾ ਬਦਲਿਆ ਨਹੀਂ ਜਾਂਦਾ।
ਦੱਸਣਯੋਗ ਹੈ ਕਿ ਰਾਤ ਨੂੰ ਲਗਭਗ 11 ਵਜੇ ਤੱਕ ਇਹ ਪ੍ਰਦਰਸ਼ਨ ਚਲਦਾ ਰਿਹਾ। ਜਦੋਂ ਤੱਕ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਦੋਂ ਤੱਕ ਉਨ੍ਹਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ। ਪ੍ਰਸ਼ਾਸਨ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਦਬਾਅ ਹੇਠ ਝੁਕਣਾ ਪਿਆ ਅਤੇ ਪ੍ਰਸ਼ਾਸਨ ਨੇ ਲਿਖਤੀ ਰੂਪ 'ਚ ਦਿੱਤਾ ਕਿ 6 ਅਧਿਆਪਕਾਂ ਦੀਆਂ ਬਦਲੀਆਂ ਫੌਰੀ ਤੌਰ ਤੇ ਰੱਦ ਕੀਤੀਆਂ ਜਾਂਦੀਆਂ ਹਨ ਅਤੇ ਅਧਿਆਪਕ ਆਪਣੀਆਂ ਛੁੱਟੀਆਂ ਲੈ ਸਕਦੇ ਹਨ।