ਪਟਿਆਲਾ:ਰਾਜ 'ਚ ਅਮਨ ਸਾਂਤੀ ਬਣਾਈ ਰੱਖਣ ਤੇ ਗੈਂਗਸਟਰਾਂ 'ਤੇ ਨਕੇਲ ਕਸਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਗਠਿਤ ਕੀਤੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਪੂਰੀ ਤਰ੍ਹਾਂ ਹਰਕਤ 'ਚ ਆ ਗਈ ਹੈ। ਏ.ਜੀ.ਟੀ.ਐਫ. (AGTF) ਨੇ ਪਟਿਆਲਾ ਪੁਲਿਸ ਨਾਲ ਇੱਕ ਸਾਂਝੇ ਉਪਰੇਸ਼ਨ 'ਚ, 6 ਅਪ੍ਰੈਲ 2022 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਧਰਮਿੰਦਰ ਸਿੰਘ ਭਿੰਦਾ ਦੇ ਕਤਲ 'ਚ ਲੋੜੀਂਦੇ ਦੋ ਹੋਰ ਪ੍ਰਮੁੱਖ ਦੋਸ਼ੀਆਂ ਨੂੰ ਉਤਰਾਖੰਡ ਦੇ ਦੇਹਰਾਦੂਨ ਤੋਂ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਬਾਬਤ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏ.ਡੀ.ਜੀ.ਪੀ. (ADGP) ਪ੍ਰਮੋਦ ਬਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੌਣ ਕਲਾਂ ਦੇ ਵਸਨੀਕ ਤੇ ਬਾਰਵੀਂ ਪਾਸ, 24 ਸਾਲਾ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ ਤੇ ਬਾਰਵੀਂ ਪਾਸ, 32 ਸਾਲਾ ਤੇਜਿੰਦਰ ਸਿੰਘ ਫ਼ੌਜੀ ਪੁੱਤਰ ਲਖਵਿੰਦਰ ਸਿੰਘ ਲੱਖਾ ਨੂੰ ਇੱਕ ਸਾਂਝੇ ਵਿਸ਼ੇਸ਼ ਉਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਇਸ ਮਾਮਲੇ 'ਚ ਪਟਿਆਲਾ ਪੁਲਿਸ ਨੇ ਪਹਿਲਾਂ ਹੀ 4 ਮੁੱਖ ਮੁਲਜ਼ਮਾਂ ਅਤੇ ਪਨਾਹ ਦੇਣ ਵਾਲੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਮੌਕੇ ਪ੍ਰਮੋਦ ਬਾਨ ਨੇ ਗੈਂਗਸਟਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਕਾਲੇ ਕੰਮ ਕਰਨੇ ਬੰਦ ਕਰਕੇ ਮੁੱਖ ਧਾਰਾ 'ਚ ਵਾਪਸ ਆ ਜਾਣ ਨਹੀਂ ਤਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਿਕ ਹਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਝਾਂਸੇ 'ਚ ਆਉਣ ਦੀ ਬਜਾਇ ਆਪਣੀ ਪੜ੍ਹਾਈ ਤੇ ਕੈਰੀਅਰ ਬਣਾਉਣ ਵੱਲ ਧਿਆਨ ਦੇਣ। ਜੇਲਾਂ 'ਚੋਂ ਗੈਂਗਸਟਰ ਕਾਰਵਾਈਆਂ ਚਲਾਉਣ ਬਾਬਤ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਪ੍ਰਮੋਦ ਬਾਨ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗਵਾਹ ਹੈ ਕਿ ਰਾਜ 'ਚ ਅਮਨ ਸ਼ਾਂਤੀ ਲਿਆਉਣ ਲਈ ਸੂਬਾ ਪੁਲਿਸ ਪੂਰੀ ਤਰ੍ਹਾਂ ਸਮਰੱਥ ਅਤੇ ਇਕਜੁਟ ਹੈ।